ਸਿਹਤ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਵਿਸ਼ਵ ਸੁਣਨ ਸ਼ਕਤੀ ਸਬੰਧੀ ਦਿਨ ਮਨਾਇਆ ਗਿਆ ਜਿਲ੍ਹੇ ਅਧੀਨ ਸਿਹਤ ਸੰਸਥਾਵਾਂ ਵਿੱਚ ਕੰਨਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਚੈਕਅੱਪ ਕੈਂਪ ਲਗਾਏ ਗਏ
ਸ੍ਰੀ ਮੁਕਤਸਰ ਸਾਹਿਬ:- ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਯੋਗ ਅਗਵਾਈ ਵਿੱਚ ਅਤੇ ਡਾ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਦੀ ਦੇਖਰੇਖ ਵਿੱਚ ਜਿਲ੍ਹਾ ਪੱਧਰੀ ਵਿਸ਼ਵ ਸੁਣਨ ਸ਼ਕਤੀ ਦਿਵਸ ਜਿਲ੍ਹਾ ਸਿੱਖਿਆ ਅਫ਼ਸਰ ਵਿਖੇ ਮਨਾਇਆ ਗਿਆ ਅਤੇ ਵੱਖ ਵੱਖ ਸਿਹਤ ਸੰਸਥਾਵਾਂ ਵਿੱਖੇ ਕੰਨਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਚੈਕਅੱਪ ਕੈਂਪ ਲਗਾਏ ਗਏ। ਇਸ ਸਮੇਂ ਡਾ ਬੰਦਨਾ ਕੰਨ, ਨੱਕ ਅਤੇ ਗਲੇ ਦੇ ਮਾਹਿਰ, ਡਾ ਅੰਜੂ ਗੁਪਤਾ ਜਿਲ੍ਹਾ ਸਿੱਖਿਆ ਅਫ਼ਸਰ, ਸ੍ਰੀ ਕਪਿਲ ਸ਼ਰਮਾ ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ, ਗੁਰਤੇਜ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਸ੍ਰੀ ਰਾਹੁਲ ਬਖਸੀ, ਲਾਲ ਚੰਦ ਰੁਪਾਣਾ ਅਤੇ ਵੱਖ ਵੱਖ ਸਕੂਲਾਂ ਤੋਂ ਅਧਿਆਪਿਕ ਨੇ ਸਮੂਲੀਅਤ ਕੀਤੀ। ਇਸ ਮੌਕੇ ਡਾ ਪ੍ਰਭਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਵੱਖ ਵੱਖ ਸਿਹਤ ਵਿਸ਼ਿਆਂ ਤੇ ਆਮ ਜਨਤਾ ਨੂੰ ਕੰਨਾਂ ਦੀ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਬਾਕੀ ਸਰੀਰ ਦੇ ਬਾਕੀ ਅੰਗਾਂ ਨੂੰ ਸਿਹਤਮੰਦ ਰੱਖਣ ਤੋਂ ਇਲਾਵਾ ਕੰਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਡਾ. ਬੰਦਨਾ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਨਾਂ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਨੂੰ ਹਲਕੇ ਨਾਲ ਨਹੀਂ ਲੈਣਾ ਚਾਹੀਦਾ।
ਜੇਕਰ ਕੰਨ ਡੁਲਦੇ ਹੋਣ, ਸੁਣਾਈ ਘੱਟ ਦੇ ਰਿਹਾ ਹੋਵੇ, ਜਮਾਂਦਰੂ ਬੋਲਾਪਣ, ਕੰਨਾਂ ਵਿੱਚ ਸ਼ਾਂ-ਸ਼ਾਂ ਦੀ ਆਵਾਜ਼ ਆਉਣ ਅਤੇ ਚੱਕਰ ਆਉਣ ਵਰਗੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਲਈ ਗਈ ਦਵਾਈ ਨਵਜੰਮੇ ਬੱਚੇ ਵਿੱਚ ਸੁਨਣ ਦੀਆਂ ਕਮੀਆਂ ਦਾ ਕਾਰਣ ਬਣ ਸਕਦੀ ਹੈ। ਗਰਭ ਦੌਰਾਨ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ। ਬੱਚਿਆਂ ਨੂੰ ਸੂਚੀ ਅਨੁਸਾਰ ਪੂਰਾ ਟੀਕਾਕਰਣ ਕਰਵਾਓ। ਗਲਸੂਆ ਜਾਂ ਕਨਫੋੜਾ ਅਤੇ ਖਸਰਾ ਵਰਗੀਆਂ ਬਿਮਾਰੀਆਂ ਬੋਲਾਪਣ ਦਾ ਕਾਰਨ ਬਣ ਸਕਦੀਆਂ ਹਨ। ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਵਾਉਣ ਤੋਂ ਪ੍ਰਹੇਜ਼ ਕਰੋ। ਜੇਕਰ ਸਕੂਲ ਵਿੱਚ ਪੜ੍ਹ ਰਿਹਾ ਬੱਚਾ ਥੋੜ੍ਹੀ ਦੂਰੀ ਤੋਂ ਅਧਿਆਪਕ ਦੀ ਆਵਾਜ਼ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਡਾਕਟਰ ਨਾਲ ਸੰਪਰਕ ਕਰੋ। ਘੱਟ ਸੁਨਣ ਸ਼ਕਤੀ ਵਾਲੇ ਬੱਚਿਆਂ ਨੂੰ ਦੂਜੇ ਬੱਚਿਆਂ ਨਾਲ ਰਲਾਉਣ ਲਈ ਉਤਸ਼ਾਹਿਤ ਕਰੋ। ਇਹ ਮਨੋਵਿਗਿਆਨਕ ਅਤੇ ਸੰਚਾਰ ਦੇ ਹੁਨਰ ਨੁੂੰ ਵਿਕਸਤ ਕਰਨ ਵਿੱਚ ਸਹਾਇਤਾ ਕਰੇਗਾ। ਕੰਨਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕੋ ਅਤੇ ਆਪਣੇ ਕੰਨਾਂ ਵਿੱਚ ਤੇਲ ਜਾਂ ਕੋਈ ਤਿੱਖੀਆਂ ਚੀਜਾਂ/ਮਾਚਿਸ ਦੀ ਤੀਲੀ ਜਾਂ ਕੰਨ ਸਾਫ਼ ਕਰਨ ਵਾਲੇ ਬੱਡਸ ਨਾ ਮਾਰੋ। ਆਪਣੇ ਕੰਨਾਂ ਨੂੰ ਟੀ.ਵੀ., ਰੇਡੀਓ, ਈਅਰਫੋਨ, ਪਟਾਕੇ ਅਤੇ ਉੱਚੀ ਆਵਾਜ਼ ਤੋਂ ਬਚਾਓ। ਉਹਨਾਂ ਕਿਹਾ ਕਿ 60 ਸਾਲ ਦੀ ਉਮਰ ਤੋਂ ਬਾਅਦ ਸਾਲ ਵਿੱਚ ਇੱਕ ਵਾਰ ਕੰਨਾਂ ਦਾ ਚੈਕ ਅੱਪ ਮਾਹਿਰ ਡਾਕਟਰ ਤੋਂ ਜਰੂਰ ਕਰਵਾਉਣਾ ਚਾਹੀਦਾ ਹੈ।