ਭਾਈ ਗੋਬਿੰਦ ਸਿੰਘ ਲੌਂਗੋਵਾਲ ਬਣੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਲਈ ਬੁੱਧਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਐੱਸ. ਜੀ. ਪੀ. ਸੀ. ਵਲੋਂ ਇਕ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਇਸ ਇਜਲਾਸ ਵਿਚ ਸਰਬ ਸੰਮਤੀ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ।
ਲੌਂਗੋਵਾਲ ਨੂੰ ਲਗਾਤਾਰ ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਸੌਂਪੀ ਗਈ ਹੈ। ਪ੍ਰਧਾਨਗੀ ਦੀ ਦੌੜ ਵਿਚ ਐੱਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਜਥੇਦਾਰ ਤੋਤਾ ਸਿੰਘ ਵੀ ਸ਼ਾਮਲ ਸਨ ਪਰ ਐੱਸ. ਜੀ. ਪੀ. ਸੀ. ਦੇ ਪ੍ਰਧਾਨਗੀ ਫਿਰ ਭਾਈ ਗੋਬਿੰਗ ਸਿੰਘ ਲੌਂਗੋਵਾਲ ਨੂੰ ਸੌਂਪੀ ਗਈ ਹੈ। ਇਸ ਦੌਰਾਨ ਨਵੇਂ ਚੁਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਸਮੁੱਚੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਪੰਥ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾ ਲਈ ਯਤਨ ਕਰਨਗੇ। ਇਸ ਤੋਂ ਪਹਿਲਾਂ 185 ਸੀਟਾਂ ਵਾਲੇ ਸ਼੍ਰੋਮਣੀ ਕਮੇਟੀ ਹਾਊਸ ਵਿਚ ਬਹੁਮਤ ਰੱਖਣ ਵਾਲੀ ਧਿਰ ਅਕਾਲੀ ਦਲ ਬਾਦਲ ਵੱਲੋਂ ਲੌਂਗੋਵਾਲ ਦਾ ਨਾਂ ਪੇਸ਼ ਕੀਤਾ ਗਿਆ ਸੀ। ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਦਾ ਨਾਂ ਵੀ ਪੇਸ਼ ਕੀਤਾ ਗਿਆ। ਜਦਕਿ ਵਿਰੋਧੀ ਧਿਰ ਵੱਲੋਂ ਜਥੇਦਾਰ ਸਿੰਘ ਸੁਖਦੇਵ ਸਿੰਘ ਭੌਰ ਨੇ ਅਮਰੀਕ ਸਿੰਘ ਸ਼ਾਹਪੁਰ ਦਾ ਨਾਂ ਸਦਨ ਅੱਗੇ ਰੱਖਿਆ ਸੀ। ਸਦਨ ਦੀ ਪ੍ਰਧਾਨਗੀ ਕਰ ਰਹੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਵਿਰੋਧੀ ਧਿਰ ਨੂੰ ਘੱਟ ਗਿਣਤੀ ਵਿਚ ਹੋਣ ਕਾਰਨ ਆਪਣੇ ਉਮੀਦਵਾਰ ਦਾ ਨਾਂ ਵਾਪਿਸ ਲੈਣ ਲਈ ਕਿਹਾ ਪਰ ਵਿਰੋਧੀ ਧਿਰ ਦੇ ਸਟੈਂਡ ਨੂੰ ਲੈ ਕੇ ਵੋਟਿੰਗ ਕਰਵਾਈ ਗਈ।