ਜਿਲ੍ਹੇ ਦੇ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਸ਼ੁੱਧ ਖਾਣ-ਪੀਣ ਦੀਆਂ ਵਸਤੂਆਂ ਉਪਲੱਬਧ ਕਰਵਾਉਣ ਲਈ ਕੀਤੇ ਜਾ ਰਹੇ ਹਨ ਯੋਗ ਉਪਰਾਲੇ- ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸ ਤਹਿਤ ਸ਼੍ਰੀ ਅਭਿਨਵ ਤ੍ਰਿਖਾ ਆਈ.ਏ.ਐੱਸ ਕਮਿਸ਼ਨਰ ਫੂਡ ਸੇਫਟੀ ਪੰਜਾਬ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਸ਼੍ਰੀ ਮੁਕਤਸਰ ਸਾਹਿਬ ਦੇ ਫੂਡ ਵਿਕਰੇਤਾਵਾਂ ਨੂੰ ਸੁਰੱਖਿਅਤ, ਸ਼ੇਅਰ ਫੂਡ ਅਤੇ ਫੋਰਟੀਫਾਇਡ ਫੂਡ ਬਾਰੇ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਟਰੇਨਿੰਗ ਦਿੱਤੀ ਗਈ। ਇਸ ਮੌਕੇ ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ ਨੇ ਫੂਡ ਵਿਕਰੇਤਾਵਾਂ ਨੂੰ ਦੱਸਿਆ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਵਸਤੂਆਂ ਬਣਾਉਣ ਲਈ ਸ਼ੁੱਧ ਸਮਾਨ ਦੀ ਵਰਤੋਂ ਕੀਤੀ ਜਾਵੇ ਤੇ ਵਸਤੂਆਂ ਤਿਆਰ ਕਰਦੇ ਸਮੇਂ ਖੁਰਾਕੀ ਤੱਕ ਨਸ਼ਟ ਨਾ ਹੋਣ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖਾਣ-ਪੀਣ ਵਸਤੂਆਂ ਵਿੱਚ ਲੋੜੀਂਦੇ ਖੁਰਾਕੀ ਤੱਤਾਂ ਅਤੇ ਵਿਟਾਮਿਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਫੋਰਟੀਫਾਇਡ ਫੂਡ ਮਿਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਲੋੜੀਦੇ ਤੱਤ ਮਿਲ ਸਕਣ।
ਇਸ ਮੌਕੇ ਡਾ. ਜਤਿੰਦਰ ਸਿੰਘ ਵਿਰਕ ਫੂਡ ਸੇਫਟੀ ਅਫਸਰ ਨੇ ਕਿਹਾ ਕਿ ਜਿਲ੍ਹੇ ਦੇ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਸ਼ੁੱਧ ਖਾਣ-ਪੀਣ ਵਾਲੀਆਂ ਵਸਤੂਆਂ ਉਪਲੱਬਧ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਖਾਣ-ਪੀਣ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਅਤੇ ਮਠਿਆਈ ਵਿਕਰੇਤਾਵਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਸਾਫ-ਸੁਥਰੀਆਂ ਵਸਤੂਆਂ ਹੀ ਵੇਚਣ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਜੇਕਰ ਕਿਸੇ ਨੇ ਅਜੇ ਤੱਕ ਆਪਣੀ ਫੂਡ ਸੇਫਟੀ ਅਧੀਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹ ਜਲਦ ਤੋਂ ਜਲਦ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ। ਇਸ ਮੌਕੇ ਡਾ. ਸੰਦੀਪ ਕੌਰ ਜਿਲ੍ਹਾ ਐਪੀਡੀਮੋਲੋਜਿਸਟ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਲਾਲ ਚੰਦ ਜਿਲ੍ਹਾ ਹੈੱਲਥ ਇੰਸਪੈਕਟਰ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਮਠਿਆਈ ਵਿਕਰੇਤਾ, ਹਲਵਾਈ, ਕਰਿਆਨਾ ਵਪਾਰੀ, ਡੇਅਰੀ ਮਾਲਕ ਅਤੇ ਦੋਧੀ ਸ਼ਾਮਿਲ ਸਨ। Author: Malout Live