‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ 200 ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਐੱਸ.ਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਡੇਰਾ ਭਾਈ ਮਸਤਾਨ ਸਿੰਘ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੋੜਵੰਦ ਪਰਿਵਾਰਾਂ ਨੂੰ ਮਹੰਤ ਕਸ਼ਮੀਰ ਸਿੰਘ ਦੀ ਹਾਜ਼ਰੀ ਵਿੱਚ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਰਾਸ਼ੀ ਹਰ ਮਹੀਨੇ 200 ਲੋੜਵੰਦ ਪਰਿਵਾਰਾਂ ਨੂੰ, ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਬਜ਼ੁਰਗਾਂ, ਵਿਧਵਾਵਾਂ ਅਤੇ ਕਿਸੇ ਕਾਰਨ ਕੰਮ ਕਰਨ ਤੋਂ ਅਸਮਰੱਥ ਲੋਕਾਂ ਨੂੰ ਦਿੱਤੀ ਜਾਂਦੀ ਹੈ।
ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਨੇ ਦੱਸਿਆ ਕਿ ਟਰੱਸਟ ਦੀ ਕੋਈ ਵੀ ਰਸੀਦਬੁੱਕ ਨਹੀਂ ਹੈ। ਸਹਾਇਤਾ ਰਾਸ਼ੀ ਲੈਣ ਉਪਰੰਤ ਲੋੜਵੰਦ ਪਰਿਵਾਰਾਂ ਵੱਲੋਂ ਡਾ. ਐੱਸ.ਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ, ਗੁਰਪਾਲ ਸਿੰਘ, ਬਰਨੇਕ ਸਿੰਘ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਅਸ਼ੋਕ ਕੁਮਾਰ, ਸੋਮਨਾਥ, ਗੁਰਜੀਤ ਸਿੰਘ ਜੀਤਾ ਇੰਚਾਰਜ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ, ਜਸਵਿੰਦਰ ਸਿੰਘ ਮਣਕੂ ਹਾਜ਼ਿਰ ਸਨ। Author : Malout Live