ਮੋਹਾਲੀ ਝੂਲਾ ਹਾਦਸੇ ਤੋਂ ਬਾਅਦ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ, ਬਿਨ੍ਹਾਂ ਮਨਜੂਰੀ ਮੇਲਾ ਲਗਾਉਣ ਵਾਲਿਆਂ ‘ਤੇ ਹੋਵੇਗੀ FIR ਦਰਜ
ਮਲੋਟ (ਪੰਜਾਬ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਹਾਦਸੇ ਤੋਂ ਬਾਅਦ ਇੱਕ ਅਹਿਮ ਫੈਂਸਲਾ ਲੈਂਦਿਆਂ ਪੰਜਾਬ ਵਿੱਚ ਹਰ ਥਾਂ ਲੱਗਣ ਵਾਲੇ ਮੇਲੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਹੁਣ ਕਿਸੇ ਵੀ ਤਰ੍ਹਾਂ ਦਾ ਮੇਲਾ ਆਯੋਜਿਤ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਆਗਿਆ ਲੈਣਾ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ ਵਾਲਿਆਂ ‘ਤੇ FIR ਦਰਜ ਹੋਵੇਗੀ। ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਸਰਕਾਰ ਵੱਲੋਂ ਹੁਕਮ ਕੀਤੇ ਗਏ ਹਨ ਕਿ ਜੇਕਰ ਕਿਸੇ ਵੀ ਜ਼ਿਲ੍ਹੇ ਵਿੱਚ ਮੇਲੇ ਵਿੱਚ ਝੂਲੇ ਲਗਾਏ ਜਾਂਦੇ ਹਨ ਤਾਂ ਮਨਜੂਰੀ ਦੇ ਹਿਸਾਬ ਨਾਲ ਹੀ ਨਿਯਮ ਹੋਣਗੇ, ਨਹੀਂ ਤਾਂ ਨਾਲ ਦੀ ਨਾਲ ਹੀ ਕੇਸ ਦਰਜ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਮੇਲੇ ਲਈ ਵੱਖਰੇ ਤੌਰ ‘ਤੇ ਇੱਕ ਕਮੇਟੀ ਵੀ ਬਣਾਈ ਜਾਵੇਗੀ, ਜਿਸ ਵਿੱਚ ਡਿਪਟੀ ਕਮਿਸ਼ਨਰ ਸਮੇਤ ਐੱਸ.ਡੀ.ਐੱਮ, ਐੱਸ.ਐੱਸ.ਪੀ ਅਤੇ ਉੱਚ ਅਧਿਕਾਰੀ ਸ਼ਾਮਿਲ ਹੋਣਗੇ। ਇਹ ਕਮੇਟੀ ਜ਼ਿਲ੍ਹੇ ਵਿੱਚ ਲੱਗਣ ਵਾਲੇ ਹਰ ਮੇਲੇ ਵਿੱਚ ਸਾਰੇ ਮਾਪਦੰਡਾਂ ਨੂੰ ਖੁਦ ਚੈੱਕ ਕਰੇਗੀ। ਜ਼ਿਲ੍ਹੇ ਦੀ ਪੁਲਿਸ ਦੀ ਵੀ ਮੇਲੇ ਉੱਪਰ ਪੂਰੀ ਨਜ਼ਰ ਰਹੇਗੀ ਅਤੇ ਗਸ਼ਤ ਗੱਡੀਆਂ ਵੀ ਮੌਕੇ ‘ਤੇ ਮੌਜੂਦ ਰਹਿਣਗੀਆਂ, ਜੋ ਕਿ ਮੇਲੇ ਦੀ ਸਮੇਂ-ਸਮੇਂ ‘ਤੇ ਚੈਕਿੰਗ ਕਰਨਗੀਆਂ। ਸਥਾਨਕ ਸਿਵਲ ਸਰਜਨ ਨੂੰ ਵੀ ਹਰ ਝੂਲੇ ਦੀ ਜਾਣਕਾਰੀ ਦੇਣੀ ਪਵੇਗੀ। ਪ੍ਰਸ਼ਾਸਨ ਨੂੰ ਮੇਲੇ ਵਾਲੀ ਜਗ੍ਹਾ ‘ਤੇ ਲਗਾਏ ਜਾਣ ਵਾਲੇ ਸਾਰੇ ਝੂਲਿਆਂ ਦੀ ਉੱਚਾਈ ਤੋਂ ਲੈ ਕੇ ਹੋਰ ਤਕਨੀਕੀ ਜਾਣਕਾਰੀ ਪਹਿਲਾਂ ਦੇਣੀ ਪਵੇਗੀ। ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਦੀ ਜਾਂਚ ਹੋਵੇਗੀ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਉਹਨਾਂ ਦਾ ਸੰਚਾਲਨ ਸ਼ੁਰੂ ਕੀਤਾ ਜਾ ਸਕੇਗਾ। Author: Malout Live