District NewsMalout News

ਡੀ.ਏ.ਵੀ ਕਾਲਜ ਮਲੋਟ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਬਾਰੇ ਜਾਗਰੂਕ ਕਰਨ ਲਈ ਇੱਕ ਰੋਜ਼ਾ ਸੈਮੀਨਾਰ-ਕਮ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਮਲੋਟ: ਡੀ.ਏ.ਵੀ. ਕਾਲਜ, ਮਲੋਟ ਵੱਲੋਂ ਸਮਾਜਿਕ ਨਿਆਂ, ਇਸਤਰੀ ਅਤੇ ਬਾਲ ਵਿਕਾਸ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮਾਨਯੋਗ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਤੇ ਅਨੁਸੂਚਿਤ ਜਾਤੀ/ਓ.ਬੀ.ਸੀ. ਵਿਦਿਆਰਥੀਆਂ ਨੂੰ ਵਜ਼ੀਫੇ ਬਾਰੇ ਜਾਗਰੂਕ ਕਰਨ ਲਈ ਇੱਕ ਰੋਜ਼ਾ ਸੈਮੀਨਾਰ-ਕਮ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਡੀ.ਏ.ਵੀ.ਕਾਲਜ, ਮਲੋਟ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਦੇਖ-ਰੇਖ ਅਤੇ ਸਕਾਲਰਸ਼ਿਪ ਦੇ ਨੋਡਲ ਅਫਸਰ ਅਤੇ ਡੀਨ ਅਕਾਦਮਿਕ ਸ਼੍ਰੀ ਸੁਦੇਸ਼ ਗਰੋਵਰ ਦੀ ਅਗਵਾਈ ਹੇਠ ਹੋਈ। ਇਸ ਵਰਕਸ਼ਾਪ ਵਿੱਚ ਐੱਸ.ਸੀ ਅਤੇ ਓ.ਬੀ.ਸੀ ਵਿਦਿਆਰਥੀਆਂ ਦੀ ਭਾਰੀ ਸ਼ਮੂਲੀਅਤ ਦੇਖਣ ਨੂੰ ਮਿਲੀ। ਸ਼੍ਰੀ ਸੁਦੇਸ਼ ਗਰੋਵਰ ਨੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਵਿਦਿਆਰਥੀਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਮਾਰਗਦਰਸ਼ਨ ਕੀਤਾ।

ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸਕਾਲਰਸ਼ਿਪ ਦੀ ਮਹੱਤਤਾ ਅਤੇ ਇਸ ਲਈ ਅਪਲਾਈ ਕਰਨ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ। ਡੀਨ ਵਿਦਿਆਰਥੀ ਭਲਾਈ, ਸ਼੍ਰੀ ਦੀਪਕ ਅਗਰਵਾਲ ਨੇ ਵਿਦਿਆਰਥੀਆਂ ਲਈ ਹੋਰ ਭਲਾਈ ਸਕੀਮਾਂ ਬਾਰੇ ਚਾੰਨਣਾ ਪਾਇਆ ਅਤੇ ਉਨ੍ਹਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਆਈ.ਕਿਊ.ਏ.ਸੀ ਕੋਆਰਡੀਨੇਟਰ ਡਾ. ਵਿਨੀਤ ਕੁਮਾਰ ਨੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂੰ ਕਰਵਾਇਆ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੇ ਵਿਦਿਆਰਥੀਆਂ ਦੀ ਭਲਾਈ ਲਈ ਸਾਰਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਜਸਬੀਰ ਕੌਰ, ਮੈਡਮ ਰਿੰਪੂ, ਸ਼੍ਰੀ ਸਾਹਿਲ ਗੁਲਾਟੀ, ਸ਼੍ਰੀ ਸੁਮਿਤ ਸਿੰਘ ਅਤੇ ਸ਼੍ਰੀ ਬਲਜਿੰਦਰ ਸਿੰਘ ਸਹਿਤ ਸਮੂਹ ਸਟਾਫ਼ ਹਾਜ਼ਿਰ ਸੀ।

Author: Malout Live

Back to top button