ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਬਧਾਈ ਵਿਖੇ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਖੇਤੀਬਾੜੀ ਵਿਭਾਗ ਵੱਲੋਂ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਸੰਦੀਪ ਕੁਮਾਰ ਭਠੇਜਾ, ਬਲਾਕ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਨਰਮੇ ਦੀ ਫ਼ਸਲ ਵਿੱਚ ਖੁਰਾਕੀ ਪ੍ਰਬੰਧਨ ਅਤੇ ਗੁਲਾਬੀ ਸੁੰਡੀ ਦੀ ਸਰਵਪੱਖੀ ਰੋਕਥਾਮ ਲਈ ਪਿੰਡ ਚੱਕ ਬਧਾਈ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਡਾ. ਹਰਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ) ਨੇ ਦੱਸਿਆ ਕਿ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਤੋਂ ਬਚਾਅ ਲਈ ਰੋਜਾਨਾ ਲਗਾਤਾਰ ਖੇਤਾ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਡਾ. ਸ਼ਵਿੰਦਰ ਸਿੰੰਘ ਏ.ਡੀ.ਓ (ਜ.ਕ) ਬਲਾਕ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੰਦੇੇ ਹੋਏ ਦੱਸਿਆ ਕਿ ਨਰਮੇ ਦੀ ਫ਼ਸਲ ਵਿੱਚ 45 ਕਿੱਲੋ ਪ੍ਰਤੀ ਏਕੜ ਯੁੂਰੀਆ ਬੁੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ 45 ਕਿਲੋਂ ਫੁੱਲ ਨਿਕਲਣ ਸਮੇਂ ਪਾ ਦੇਣੀ ਚਾਹੀਦੀ ਹੈ।

ਡਾ. ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਝੋਨਾ/ਬਾਸਮਤੀ ਦੀ ਕਾਸ਼ਤ ਅਤੇ ਬਾਸਮਤੀ ਉੱਪਰ ਬੈਨ ਕੀਤੇ ਗਏ ਕੀਟਨਾਸ਼ਕਾਂ (ਦਵਾਈਆਂ) ਦੀ ਵਰਤੋਂ ਨਾ ਕਰਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼੍ਰੀਮਤੀ ਮਨਮੀਤ ਕੌਰ ਏ.ਡੀ.ਓ. (ਮਾਰਕੀਟਿੰਗ) ਵੱਲੋਂ ਪੀ.ਐਮ ਕਿਸਾਨ ਸਨਮਾਨ ਨਿਧੀ ਸਕੀਮ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਸਾਰੇ ਕਿਸਾਨਾਂ ਵੱਲੋਂ ਈ-ਕੇ.ਵਾਈ.ਸੀ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਜਿੰਨਾ ਕਿਸਾਨਾਂ ਦੀ ਪੀ.ਐਮ ਕਿਸਾਨ ਪੋਰਟਲ ਤੇ ਲੈਂਡ ਸੀਡਿੰਗ ਨੋ ਦੀ ਆਪਸ਼ਨ ਆ ਰਹੀ ਹੈ, ਉਹ ਆਪਣੀ ਜਮ੍ਹਾਬੰਦੀ ਅਤੇ ਅਧਾਰ ਕਾਰਡ ਦੀ ਕਾਪੀ ਬਲਾਕ ਖੇਤੀਬਾੜੀ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ। ਇਸ ਕੈਂਪ ਦਾ ਪ੍ਰਬੰਧ ਸ਼੍ਰੀ ਸਵਰਨਜੀਤ ਸਿੰਘ ਏ.ਟੀ.ਐਮ (ਆਤਮਾ) ਵੱਲੋਂ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਿਰ ਸਨ। Author: Malout Live