ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਵਿਖੇ ਲਗਾਇਆ ਗਿਆ ਸਮਰ ਕੈਂਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਵਿਖੇ ਨਿਵੇਕਲੀ ਪਹਿਲਕਦਮੀ ਕਰਦਿਆਂ ਹੋਇਆਂ ਵਿਦਿਆਰਥੀਆਂ ਦੀ ਬਹੁਪੱਖੀ ਸਖਸ਼ੀਅਤ ਦਾ ਵਿਕਾਸ ਕਰਨ ਲਈ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਰਪੂਰ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਇਸ ਸਮਰ ਕੈਂਪ ਵਿੱਚ ਉਤਸ਼ਾਹ ਨਾਲ ਭਾਗ ਲਿਆ। ਵੱਖ-ਵੱਖ ਖੇਡਾਂ, ਯੋਗਾ, ਸਕੂਲ ਦੇ ਮਾਹੌਲ ਵਿੱਚ ਰਚਣ ਮਿਚਣ ਦੇ ਮੌਕੇ ਤੇ ਉਸਾਰੂ ਢੰਗ ਨਾਲ ਸਿੱਖਣ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਖੇਡ-ਖੇਡ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਨੂੰ ਮਜ਼ਬੂਤ ਕਰਨਾ, ਸਰੀਰਿਕ ਵਿਕਾਸ ਕਰਨਾ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਣਾ ਇਸ ਕੈਂਪ ਦੀਆਂ ਮੁੱਖ ਗਤੀਵਿਧੀਆਂ ਹੋਣਗੀਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀ ਅਸ਼ੋਕ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਰ ਕੈਂਪ 3 ਜੁਲਾਈ ਤੋਂ 15 ਜੁਲਾਈ ਤੱਕ

ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਿਕ ਲਗਾਤਾਰ ਚੱਲਦਾ ਰਹੇਗਾ। ਜਿਸ ਵਿੱਚ ਮੁੱਖ ਤੌਰ ਤੇ ਬੌਧਿਕ ਗਤੀਵਿਧੀਆਂ ਸਿਹਤ-ਸੰਭਾਲ ਨੈਤਿਕ ਕਦਰਾਂ-ਕੀਮਤਾਂ, ਭਾਸ਼ਾ ਦਾ ਵਿਕਾਸ ਅਤੇ ਵਾਤਾਵਰਣ ਸਿੱਖਿਆ ਦੁਆਰਾ ਵਿਦਿਆਰਥੀਆਂ ਦੀ ਸਖਸ਼ੀਅਤ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਦੇ ਮੀਡੀਆ ਕੁਆਰਡੀਨੇਟਰ ਕਿੱਕਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕਿਰਿਆਸ਼ੀਲ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਸਕੂਲ ਵੱਲੋਂ ਪਹਿਲਾਂ ਦੀ ਤਰ੍ਹਾਂ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਦੇ ਕੈਂਪ ਦੀ ਵਿਸ਼ੇਸ਼ਤਾ ਇਹ ਹੈ ਕਿ ਪਹਿਲਾਂ ਦੇ ਕੈਂਪ ਛੁੱਟੀਆਂ ਦੌਰਾਨ ਲਗਾਏ ਜਾਂਦੇ ਸਨ, ਪ੍ਰੰਤੂ ਇਸ ਵਾਰ ਸਰਕਾਰ ਵੱਲੋਂ ਪਹਿਲਕਦਮੀ ਕਰਦਿਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਸਮੇਂ ਦੌਰਾਨ ਹੀ ਕੈਂਪ ਲਗਾਏ ਗਏ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਿਰ ਸੀ। Author: Malout Live