ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ- ਡਿਪਟੀ ਕਮਿਸ਼ਨਰ
ਸ਼੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਸੰਬੰਧੀ ਮੀਟਿੰਗ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਹੋਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਸੰਬੰਧੀ ਮੀਟਿੰਗ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਇਸ ਮੌਕੇ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀ ਗੁਰਦਰਸ਼ਨ ਲਾਲ ਕੁੰਡਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਸੰਜੀਵ ਕੁਮਾਰ ਆਰ.ਟੀ.ਓ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀਮਤੀ ਬਲਜੀਤ ਕੌਰ ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ, ਬੀ ਐਂਡ ਆਰ(ਸੜਕਾਂ) ਅਤੇ ਨੈਸ਼ਨਲ ਹਾਈਵੇਜ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਨਹਿਰਾਂ, ਰਜਬਾਹਿਆਂ, ਡਰੇਨਾਂ ਅਤੇ ਕੱਸੀਆਂ ’ਤੇ ਬਣੀਆਂ ਰੇਲਿੰਗ ਨੂੰ ਚੈੱਕ ਕੀਤਾ ਜਾਵੇ ਅਤੇ ਟੁੱਟ ਚੁੱਕੀਆਂ ਰੇਲਿੰਗ ਨੂੰ ਠੀਕ ਕਰਵਾਇਆ ਜਾਵੇ ਅਤੇ ਨਾਜ਼ੁਕ ਥਾਵਾਂ ’ਤੇ ਆਰਜੀ ਪ੍ਰਬੰਧ ਕੀਤੇ ਜਾਣ ਅਤੇ ਪੁੱਲਾਂ ਦੀਆਂ ਰੈਲਿੰਗ ’ਤੇ ਰਿਫੈਲਕਟਰ, ਰੰਗ ਰੋਗਨ ਕੀਤਾ ਜਾਵੇ ਅਤੇ ਪੁੱਲਾਂ ਦੇ ਨਜ਼ਦੀਕ ਆਵਾਜਾਈ ਦੀ ਸਪੀਡ ਨੂੰ ਕੰਟਰੋਲ ਕਰਨ ਲਈ ਸਪੀਡ ਰੋਕੂ ਬਰੈਕਰਾਂ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਯਾਤਰੀਆਂ ਦੀ ਸਹੂਲਤ ਲਈ ਪੁੱਲਾਂ ਦੇ ਨਜ਼ਦੀਕ ਸੂਚਨਾ ਬੋਰਡ ਵੀ ਲਗਾਏ ਜਾਣ ਤਾਂ ਜੋ ਯਾਤਰੀਆਂ ਨੂੰ ਪਤਾ ਚੱਲ ਸਕੇ ਕਿ ਅੱਗੇ ਕੋਈ ਨਹਿਰ, ਰਜਬਾਹਾ ਜਾਂ ਡਰੇਨ ਲੰਘ ਰਹੀ ਹੈ। ਉਹਨਾਂ ਸੰਬੰਧਿਤ ਵਿਭਾਗ ਨੂੰ ਹਦਾਇਤ ਕੀਤੀ ਕਿ ਜੇਕਰ ਉਹਨਾਂ ਦੇ ਏਰੀਏ ਵਿੱਚ ਪੁੱਲਾਂ ’ਤੇ ਕੋਈ ਸੜਕ ਦੁਰਘਟਨਾ ਵਾਪਰਦੀ ਹੈ ਤਾਂ ਉਹਨਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਹੜੇ ਸਕੂਲ ਮੁੱਖ ਸੜਕਾਂ ਦੇ ਨਜ਼ਦੀਕ ਹਨ, ਉੱਥੇ ਸਾਈਨ ਬੋਰਡ ਅਤੇ ਸਪੀਡ ਬ੍ਰੇਕਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਕੂਲੀ ਬੱਚਿਆਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚੇ। ਉਹਨਾਂ ਜੰਗਲਾਤ ਵਿਭਾਗ ਨੂੰ ਹਦਾਇਤ ਕੀਤੀ ਕਿ ਸੜਕਾਂ ਦੇ ਕਿਨਾਰੇ ਉੱਗੀਆਂ ਝਾੜੀਆਂ ਅਤੇ ਵਧੀਆਂ ਦਰੱਖਤਾਂ ਦੀਆਂ ਟਾਹਣੀਆਂ ਦੀ ਕਟਾਈ ਕਰਵਾਈ ਜਾਵੇ ਤਾਂ ਜੋ ਸਰਦੀ ਦੀਆਂ ਧੁੰਦਾਂ ਦੌਰਾਨ ਵਾਪਰਣ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਸੜਕ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਆਵਾਜਾਈ ਦੌਰਾਨ ਪੂਰੀ ਸਾਵਧਾਨੀ ਵਰਤੀ ਜਾਵੇ।
Author : Malout Live