20 ਅਗਸਤ ਤੋਂ ਲਾਗੂ ਹੋ ਰਹੀ ਸਰਬੱਤ ਸਿਹਤ ਬੀਮਾ ਯੋਜਨਾ ਲਈ ਜ਼ਿਲਾ ਪ੍ਰਸ਼ਾਸਨ ਪੱਬਾਂ ਭਾਰ

ਡਿਪਟੀ ਕਮਿਸ਼ਨਰ ਵੱੱਲੋਂ ਉਪ ਮੰਡਲ ਮੈਜਿਸਟ੍ਰੇਟਾਂ ਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ
ਈ-ਕਾਰਡਾਂ ਸਬੰਧੀ ਅਤੇ ਸਕੀਮ ਨੂੰ ਜ਼ਿਲੇ ਵਿਚ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਦਿੱਤੇ ਜ਼ਰੂਰੀ ਦਿਸ਼ਾ ਨਿਰਦੇਸ਼

ਸ੍ਰੀ ਮੁਕਤਸਰ ਸਾਹਿਬ, 5 ਅਗਸਤ
ਸਰਕਾਰ ਵੱਲੋਂ ਲੋੜਵੰਦਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਲਈ 20 ਅਗਸਤ 2019 ਤੋਂ ਸ਼ੁਰੂ ਕੀਤੀ ਜਾ ਰਹੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਪੂਰੀ ਤਰਾਂ ਸਫਲ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਪੱਬਾਂ ਭਾਰ ਹੈ। ਇਸੇ ਸਬੰਧ ਵਿਚ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਉਪ ਮੰਡਲ ਮੈਜਿਸਟ੍ਰੇਟਾਂ ਨਾਲ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਮੀਟਿੰਗ ਕੀਤੀ ਗਈੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜਿਕ-ਆਰਥਿਕ ਅਤੇ ਜਾਤੀ ਜਨਗਣਨਾ ਡਾਟਾ ਵਿਚ ਸ਼ਾਮਲ ਪਰਿਵਾਰ, ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਕਿਸਾਨ ਪਰਿਵਾਰ (ਜੇ ਫਾਰਮ ਧਾਰਕ) ਤੇ ਉਸਾਰੀ ਭਲਾਈ ਬੋਰਡ, ਪੰਜਾਬ ਕੋਲ ਰਜਿਸਟਰਡ ਉਸਾਰੀ ਕਾਮੇ ਇਸ ਯੋਜਨਾ ਤਹਿਤ ਸਾਲਾਨਾ 5 ਲੱਖ ਰੁਪਏ ਤੱਕ ਦੇ ਇਲਾਜ ਦੀ ਨਕਦੀ ਰਹਿਤ ਬੀਮੇ ਦੀ ਸਹੂਲਤ ਹਾਸਲ ਕਰ ਸਕਣਗੇ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਈ- ਕਾਰਡ ਬਣਾਉਣ ਦੀ ਸ਼ੁਰੂਆਤ ਪਹਿਲੀ ਅਗਸਤ ਤੋਂ ਹੋ ਚੁੱਕੀ ਹੈ। ਉਨਾਂ ਐਸਡੀਐਮਜ਼ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਕੀਮ ਨੂੰ ਜ਼ਿਲੇ ਵਿਚ ਸਫਲ ਬਣਾਉਣ ਲਈ ਪੂਰੀ ਪ੍ਰਣਾਲੀ ਦਾ ਨਿਰੀਖਣ ਕਰਨ ਲਈ ਆਖਿਆ। ਉਨਾਂ ਸਿਹਤ ਵਿਭਾਗ ਨੂੰ ਇਸ ਸਕੀਮ ਅਧੀਨ ਆਉਦੇ ਹਸਪਤਾਲਾਂ ਵਿਚ ਹੋਰਡਿੰਗਜ਼ ਲਵਾਉਣ, ਐਸਡੀਐਮਜ਼ ਨੂੰ ਕਾਮਨ ਸਰਵਿਸ ਸੈਂਟਰਾਂ ਦਾ ਨਿਰੀਖਣ ਕਰਨ, ਜ਼ਿਲਾ ਪ੍ਰੀਸ਼ਦ ਸਕੱਤਰ ਨੂੰ ਜ਼ਿਲਾ ਪੱਧਰ ’ਤੇ ਅਮਲੇ ਅਤੇ ਬਲਾਕ ਪੱਧਰ ’ਤੇ ਪੰਚਾਇਤਾਂ ਤੇ ਹੋਰ ਸਟਾਫ ਨੂੰ ਇਸ ਸਕੀਮ ਸਬੰਧੀ ਵਿਸ਼ੇਸ਼ ਸਿਖਲਾਈ ਦੇਣ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਐਸਡੀਐਮ ਸ. ਗੋਪਾਲ ਸਿੰਘ, ਸ੍ਰੀ ਓਮ ਪ੍ਰਕਾਸ ਤੇ ਸ. ਰਣਦੀਪ ਸਿੰਘ ਹੀਰ ਤੋਂ ਇਲਾਵਾ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰੰਜੂ ਸਿੰਗਲਾ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਆਪਣੀ ਯੋਗਤਾ ਦੇਖਣ ਜਾਂ ਈ ਕਾਰਡ ਬਣਾਉਣ ਲਈ ਵੈਬਸਾਈਟ www.shapunjab.in ਦੇਖੀ ਜਾ ਸਕਦੀ ਹੈ ਜਾਂ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਵਿਚ ਜਾਇਆ ਜਾ ਸਕਦਾ ਹੈ ਜਾਂ ਸੂਚੀਬੱਧ ਪ੍ਰਾਈਵੇਟ/ਸਰਕਾਰੀ ਹਸਪਤਾਲਾਂ ਦੇ ਅਰੋਗਿਆ ਮਿੱਤਰ ਨਾਲ ਸੰਪਰਕ ਕੀਤਾ ਜਾ ਸਕੇਗਾ। ਇਸ ਤੋਂਂ ਇਲਾਵਾ ਵਧੇਰੇ ਜਾਣਕਾਰੀ ਲਈ ਟੌਲ ਫ੍ਰੀ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਕੀਕ ਤਹਿਤ ਕਾਰਡ ਬਣਾਉਣ ਲਈ ਆਧਾਰ ਕਾਰਡ, ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ (ਛੋਟੇ ਵਪਾਰੀਆਂ ਲਈ ), ਰਜਿਸਟ੍ਰੇਸ਼ਨ ਕਾਰਡ (ਉਸਾਰ ਕਾਮਿਆਂ ਲਈ) ਦੀ ਜ਼ਰੂਰਤ ਹੈ।