6 ਵੇਂ ਪੰਜਾਬ ਪੱਧਰੀ ਰੋਜ਼ਗਾਰ ਮੇਲਿਆਂ ਵਿੱਚ ਆਨ ਲਾਈਨ ਅਪਲਾਈ ਕਰਨ ਦੀ ਆਖਰੀ 17 ਸਤੰਬਰ ਤੱਕ ਵਧਾਈ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਸਤੰਬਰ 24 ਤੋਂ 30 ਤੱਕ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ।ਜਿੰਨ੍ਹਾ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਟ੍ਰੇਨਿੰਗ ਅਫਸਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਐੱਮ.ਕੇ. ਅਰਾਵਿੰਦ ਕੁਮਾਰ ਦੀ ਯੋਗ ਅਗਵਾਈ ਹੇਠ ਲੱਗ ਰਹੇ ਇਹਨਾਂ ਮੇਲਿਆਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲਈ 3200 ਦੇ ਕਰੀਬ ਪ੍ਰਾਈਵੇਟ ਅਸਾਮੀਆਂ ਪ੍ਰਾਪਤ ਹੋਈਆਂ ਹਨ।
ਇਹਨਾਂ ਰੋਜ਼ਗਾਰ ਮੇਲਿਆਂ ਵਿੱਚ ਸਿਰਫ ਉਹੀ ਪ੍ਰਾਰਥੀ ਇੰਟਰਵਿਊ ਲਈ ਬੁਲਾਏ ਜਾਣਗੇ ਜਿੰਨਾਂ ਨੇ ਪੰਜਾਬ ਸਰਕਾਰ ਦੇ ਪੋਰਟਲ PGRKAM.COM ਉਪਰ ਆਨਲਾਈਨ ਰਜਿਸਟ੍ਰੇਸ਼ਨ ਕਰਨ ਉਪਰੰਤ 6ਵਾਂ ਸਟੇਟ ਲੇਵਲ ਮੇਗਾ ਜੋਬ ਮੇਲਾ ਲਿੰਕ ਉਪਰ ਜਾ ਕੇ ਅਸਾਮੀਆਂ ਲਈ ਆਨਲਾਈਨ ਅਪਲਾਈ ਕੀਤਾ ਹੋਵੇਗਾ। ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਟ੍ਰੇਨਿੰਗ ਵਿਭਾਗ, ਪੰਜਾਬ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਇਹਨਾਂ ਮੇਲਿਆਂ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 17 ਸਤੰਬਰ2020 ਤੱਕ ਵਧਾਈ ਗਈ ਹੈ ਜੋ ਕਿ ਪਹਿਲਾ 14 ਸਤੰਬਰ 2020 ਸੀ। ਇਸ ਤੋ ਇਲਾਵਾ ਮਾਇਕਰੋਸਾਫਟ ਮਲਟੀਨੈਸ਼ਨਲ ਕੰਪਨੀ ਵੱਲੋਂ 2500 ਦੇ ਕਰੀਬ ਅਸਾਮੀਆਂ ਲਈ ਬੀ.ਟੈਕ ਅਤੇ ਐਮ.ਬੀ.ਏ ਕਰ ਰਹੇ ਜਾਂ ਪਾਸ ਆਉਟ ਵਿਦਿਆਰਥੀਆਂ ਤੋਂ PGRKAM.COM ਉਪਰ ਮਾਇਕਰੋਸਾਫਟ ਲਿੰਕ ਉਪਰ ਅਰਜੀਆਂ ਮੰਗੀਆਂ ਹਨ ਜਿੰਨਾਂ ਲਈ ਸਲਾਨਾ ਪੈਕਜ 3ਲੱਖ ਤੋਂ ਲੈ ਕੇ 43ਲੱਖ ਤੱਕ ਹੈ।