ਮਹਾਰਾਜਾ ਰਣਜੀਤ ਸਿੰਘ ਕਾਲਜ ਨੇ ਵਿਦਿਆਰਥੀਆਂ ਨੂੰ ਟੈਬ ਵੰਡਣ ਦੀ ਕੀਤੀ ਸ਼ੁਰੂਆਤ
,
ਮਲੋਟ:- ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਅੱਜ ਵਿਦਿਆਰਥੀਆਂ ਨੂੰ ਕੀਤੇ ਵਾਅਦੇ ਅਨੁਸਾਰ ਅੱਜ ਟੈਬ ਵੰਡਣ ਦਾ ਸ਼ੁੱਭ ਆਰੰਭ ਕੀਤਾ । ਇਸ ਮੌਕੇ ਟੈਬ ਵੰਡਣ ਅਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਉਚੇਚੇ ਤੌਰ 'ਤੇ ਸ. ਗੁਰਮੀਤ ਸਿੰਘ ਖੁੱਡੀਆਂ ਸਾਬਕਾ ਪ੍ਰਧਾਨ ਕਾਂਗਰਸ ਕਮੇਟੀ ਜਿਲ੍ਹਾ ਮੁਕਤਸਰ, ਸ. ਅਮਨਪ੍ਰੀਤ ਸਿੰਘ ਭੱਟੀ ਹਲਕਾ ਇੰਚਾਰਜ਼ ਮਲੋਟ ਮੈਂਬਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ, ਸ. ਸਰਬਜੀਤ ਸਿੰਘ ਕਾਕਾ ਬਰਾੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਲੱਖੇਵਾਲੀ, ਸ. ਗੁਰਮੀਤ ਸਿੰਘ ਮਾਹਣੀ ਖੇੜਾ ਉਚੇਚੇ ਤੌਰ 'ਤੇ ਪਹੁੰਚੇ ।
ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਸ. ਮਨਦੀਪ ਸਿੰਘ ਬਰਾੜ ਨੇ ਕਾਲਜ ਦੇ ਵਿਹੜੇ ਪਹੁੰਚੀਆਂ ਇਹਨਾਂ ਸਖਸ਼ੀਅਤਾਂ ਦਾ ਸੁਆਗਤ ਕਰਦਿਆਂ ਕਾਲਜ ਦੀ ਪੰਦਰਾਂ ਸਾਲਾਂ ਦੀ ਵਿੱਦਿਅਕ, ਸਮਾਜਿਕ, ਧਾਰਮਿਕ ਪ੍ਰੰਪਰਾ ਬਾਰੇ ਜਾਣੂ ਕਰਵਾਇਆ ।ਇਸ ਮੌਕੇ ਬੋਲਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਇਹ ਵਿਦਿਆਰਥੀਆਂ ਦੀ ਖੁਸ਼ਕਿਸਮਤੀ ਹੈ ਕਿ ਉਹ ਅਜਿਹੀ ਸੰਸਥਾ ਨਾਲ ਜੁੜੇ ਹੋਏ ਹਨ ਜਿਹੜੀ ਵਿਦਿਆਰਥੀ ਪੱਖੀ ਹੈ । ਇਸ ਮੌਕੇ ਉਹਨਾਂ ਨੇ ਆਪਣੇ ਵਿਦਿਆਰਥੀ ਜੀਵਨ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ । ਹਲਕਾ ਇੰਚਾਰਜ ਕਾਂਗਰਸ ਸ. ਅਮਨਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਦਿਆਰਥੀਆਂ ਨੂੰ ਹੁਣ ਵੀ ਸਮੇਂ ਦੇ ਹਾਣੀ ਬਣਾ ਰਿਹਾ ਹੈ । ਉਹਨਾਂ ਆਖਿਆ ਕਿ ਆਉਂਦੇ ਦਿਨਾਂ ਵਿੱਚ ਬਾਕੀ ਵਿੱਦਿਅਕ ਸੰਸਥਾਵਾਂ ਵੀ ਇਸ ਕਾਲਜ ਤੋਂ ਪ੍ਰੇਰਿਤ ਹੋ ਕੇ ਵਿਦਿਆਰਥੀਆਂ ਬਾਰੇ ਇਸ ਔਖੇ ਸਮੇਂ ਕੁਝ ਸੋਚਣਗੀਆਂ ਤਾਂ ਸਾਨੂੰ ਮਾਣ ਹੋਵੇਗਾ ਕਿ ਇਸ ਪ੍ਰੰਪਰਾ ਦਾ ਆਗਾਜ਼ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਕੀਤਾ।ਸ. ਸਰਬਜੀਤ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਇਹ ਕਾਲਜ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਪੱਖ ਬਾਰੇ ਸੋਚਦਾ ਹੈ ਤੇ ਅੱਜ ਦਾ ਕੀਤਾ ਗਿਆ ਇਹ ਉਪਰਾਲਾ ਵੀ ਇਸ ਤੱਥ ਦੀ ਗਵਾਹੀ ਭਰਦਾ ਹੈ । ਇਸ ਉਪਰੰਤ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਮੈਨੇਜਮੈਂਟ ਦੇ ਜਰਨਲ ਸਕੱਤਰ ਸ. ਲਖਵਿੰਦਰ ਸਿੰਘ ਰੋਹੀਵਾਲਾ ਨੇ ਕਿਹਾ ਕਿ ਸਾਡੇ ਸੱਦੇ ਨੂੰ ਖਿੜੇ ਮੱਥੇ ਸਵਿਕਾਰ ਕਰਨ, ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਅਤੇ ਸਾਡੀ ਖੁਸ਼ੀ ਵਿੱਚ ਸਾਡਾ ਸਾਥ ਦੇਣ ਲਈ ਅਸੀਂ ਇਹਨਾਂ ਸਖਸ਼ੀਅਤਾਂ ਦੇ ਹਮੇਸ਼ਾਂ ਰਿਣੀ ਰਹਾਂਗੇ । ਉਹਨਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੀਆਂ ਨੇਕ ਰੂਹਾਂ ਤੋਂ ਨਵੇਂ ਦੌਰ ਦੀ ਸਿੱਖਿਆ ਦੇ ਆਰੰਭ ਵਿੱਚ ਥਾਪੜਾ ਮਿਲਣਾ ਸ਼ੁੱਭ ਸ਼ਗਨ ਹੈ ।ਇਸ ਮੌਕੇ ਕੋਵਿਡ-19 ਸੰਬੰਧੀ ਆਈਆਂ ਹੋਈਆਂ ਸਰੀਰਕ ਵਿੱਥ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਨੌਜਵਾਨ ਅਦਾਕਾਰ ਸੁਖਰਾਜ ਸੋਥਾ, ਲਾਲੀ ਮਾਨ ਕਰਮਗੜ੍ਹ, ਅਮਰਿੰਦਰ ਸੰਮੇਵਾਲੀ, ਮਨੀਸ਼ ਕੁਮਾਰ ਪੀ.ਏ., ਅਤੇ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ ।