ਐਸ.ਡੀ.ਐਮ. ਵੱਲੋਂ ਦੌਰਾ ਕਰ ਰਹੀ ਮੋਬਾਇਲ ਮੈਡੀਕਲ ਯੁਨਿਟ ਦਾ ਕੀਤਾ ਅਚਨਚੇਤ ਨਿਰੀਖਣ

ਮਲੋਟ:- ਐਸ.ਡੀ.ਐਮ. ਮਲੋਟ ਸ੍ਰੀ ਗੋਪਾਲ ਸਿੰਘ ਵੱਲੋਂ ਆਮ ਲੋਕਾਂ ਤੱਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਪਿੰਡ ਅਬੁਲ ਖੁਰਾਣਾ ਵਿਖੇ ਦੌਰਾ ਕਰ ਰਹੀ ਮੋਬਾਈਲ ਮੈਡੀਕਲ ਯੁਨਿਟ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਬਾਈਲ ਮੈਡੀਕਲ ਯੁਨਿਟ ਵੱਲੋਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਐਮ.ਐਮ.ਯੂ ਰਾਹੀਂ ਮੌਕੇ `ਤੇ ਲੋਕਾਂ ਦਾ ਚੈਕਅਪ ਤੇ ਟੈਸਟ ਕੀਤੇ ਜਾਂਦੇ ਹਨ ਅਤੇ ਲੋੜ ਮੁਤਾਬਕ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਐਸ.ਡੀ.ਐਮ. ਨੇ ਕਿਹਾ ਕਿ ਇਹ ਐਮ.ਐਮ.ਯੂ. ਵੈਨ ਸ਼ਡਿਉਲ ਮੁਤਾਬਕ ਰੋਜਾਨਾ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸਿਹਤ ਸਹੂਲਤਾਂ ਦੇਵੇਗੀ। ਉਨ੍ਹਾਂ ਕਿਹਾ ਕਿ ਪਿੰਡ ਪੰਜਾਵਾ ਵਿਖੇ 3 ਮਾਰਚ, ਮਾਹੂਆਣਾ ਵਿਖੇ 4 ਮਾਰਚ, ਸਿੱਖਵਾਲਾ ਵਿਖੇ 5 ਮਾਰਚ, ਲਾਲਬਾਈ ਵਿਖੇ 6 ਮਾਰਚ ਅਤੇ ਚੰਨੂ ਵਿਖੇ 7 ਮਾਰਚ ਨੂੰ ਦੌਰਾ ਕੀਤਾ ਜਾਵੇਗਾ।ਇਸੇ ਤਰਾਂ ਬਲਾਕ ਆਲਮਵਾਲਾ ਦੇ ਪਿੰਡਾਂ ਵਿਚ 9 ਮਾਰਚ ਨੂੰ ਰਾਣੀਵਾਲਾ, 11 ਮਾਰਚ ਨੂੰ ਫੂਲੇਵਾਲਾ, 12 ਮਾਰਚ ਨੂੰ ਮਿੱਡਾ, 13 ਮਾਰਚ ਨੂੰ ਬਾਂਮ ਪਿੰਡ ਦਾ ਦੌਰਾ ਕੀਤਾ ਜਾਵੇਗਾ।ਉਹਨਾਂ ਪਿੰਡਾਂ ਵਾਸੀਆਂ ਨੂੰ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਮੋਬਾਇਲ ਮੈਡੀਕਲ ਯੂਨਿਟ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਹੈ।