ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਦੀ ਲੜੀ ਸ਼ੁਰੂ
ਮਲੋਟ (ਆਰਤੀ ਕਮਲ) : ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਇਲਾਕੇ ਤੇ ਫਸਲ ਬਾੜੀ ਦੀ ਸੁੱਖ ਸ਼ਾਂਤੀ ਹਰ ਸਾਲ ਦੀ ਤਰਾਂ ਸ੍ਰੀ ਆਖੰਡ ਪਾਠ ਸਾਹਿਬ ਲੜੀ (ਇਕੋਤਰੀ) ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਪਹਿਲਾ ਆਖੰਡ ਪਾਠ ਦਵਿੰਦਰਾ ਵਾਲੀ ਗਲੀ ਮਲੋਟ ਵਾਸੀ ਬੀਬੀ ਜਸਬੀਰ ਕੌਰ ਦੇ ਪਰਿਵਾਰ ਵੱਲੋਂ ਸ਼ੁਰੂ ਕਰਵਾਇਆ ਗਿਆ ।
ਬਾਬਾ ਬਲਜੀਤ ਸਿੰਘ ਨੇ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੜੀ ਹਰ ਸਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਕੀਤੀ ਜਾਂਦੀ ਹੈ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਲੜੀ ਸਮਾਪਤ ਕਰਕੇ ਵੱਡੇ ਦਿਵਾਨ ਸਜਾਏ ਜਾਂਦੇ ਹਨ । ਉਹਨਾਂ ਕਿਹਾ ਕਿ ਕਰੀਬ ਸਵਾ ਮਹੀਨੇ ਦੇ ਇਸ ਸਮੇਂ ਦੌਰਾਨ ਵਿਸ਼ੇਸ਼ ਤੌਰ ਤੇ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਨਾਲ ਜੋੜਣ ਅਤੇ ਸ਼ਬਦ ਗੁਰੂ ਦੇ ਗਿਆਨ ਰੂਪੀ ਫਲਸਫੇ ਬਾਰੇ ਦੱਸਣ ਦੇ ਉਪਰਾਲੇ ਕੀਤੇ ਜਾਣਗੇ । ਬਾਬਾ ਜੀ ਨੇ ਦੱਸਿਆ ਕਿ ਇਸ ਦੌਰਾਨ 10 ਮਾਰਚ ਮੰਗਲਵਾਰ ਹੋਲੇ ਮੁਹੱਲੇ ਵਾਲੇ ਦਿਨ ਗੁਰੂਘਰ ਵਿਖੇ ਵਿਸ਼ੇਸ਼ ਅੰਮ੍ਰਿਤ ਸੰਚਾਰ ਪ੍ਰੋਗਰਾਮ ਹੋਵੇਗਾ ਜਿਸ ਮੌਕੇ ਵੱਡੀ ਗਿਣਤੀ ਬੱਚੇ ਬੱਚੀਆਂ ਨੂੰ ਬਾਣੀ ਦੇ ਨਾਲ ਨਾਲ ਬਾਣੇ ਦੇ ਧਾਰਨੀ ਬਣਾ ਕੇ ਗੁਰੂ ਦੇ ਬੇੜੇ ਵਿਚ ਸਵਾਰ ਕੀਤਾ ਜਾਵੇਗਾ । ਬਾਬਾ ਜੀ ਨੇ ਇਹ ਵੀ ਦੱਸਿਆ ਕਿ ਮੁੱਖ ਦਰਬਾਰ ਹਾਲ ਦੀ ਕਾਰ ਸੇਵਾ ਚਲ ਰਹੀ ਹੈ ਜਿਸ ਵਿਚ ਹੁਣ ਮੁੱਖ ਗੁੰਬਦ ਦੀ ਸੇਵਾ ਸ਼ੁਰੂ ਹੋ ਰਹੀ ਹੈ ਸੋ ਸੰਗਤ ਵੱਧ ਚੜ ਕੇ ਸੇਵਾ ਵਿਚ ਹਿੱਸਾ ਪਾ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ । ਉਹਨਾਂ ਦੱਸਿਆ ਕਿ 14 ਅਪ੍ਰੈਲ ਨੂੰ ਲੜੀ ਸਮਾਪਤੀ ਤੇ ਪੰਥ ਪ੍ਰਸਿੱਧ ਰਾਗੀ ਢਾਡੀ ਜੱਥੇ ਦਿਵਾਨਾਂ ਵਿਚ ਹਿੱਸਾ ਲੈਣਗੇ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਨੇ ਵੀ ਸੰਗਤ ਨੂੰ ਇਕੋਤਰੀ ਦੀ ਵਧਾਈ ਦਿੱਤੀ । ਬਾਬਾ ਨਵਨੀਤ ਸਿੰਘ ਨੇ ਵੀ ਸੰਗਤ ਨੂੰ ਗੁਰਬਾਣੀ ਬਾਰੇ ਦੱਸਿਆ । ਇਸ ਮੌਕੇ ਡ੍ਰਾ ਸ਼ਮਿੰਦਰ ਸਿੰਘ ਅਤੇ ਕਾਕਾ ਜਸਮੀਤ ਸਿੰਘ ਸਮੇਤ ਵੱਡੀ ਗਿਣਤੀ ਸੇਵਾਦਾਰ ਤੇ ਸੰਗਤ ਹਾਜਰ ਸੀ ।