ਸ਼੍ਰੀ ਮੁਕਤਸਰ ਸਾਹਿਬ ਦੇ ਡੀ.ਸੀ ਤੇ ਐੱਸ.ਐੱਸ.ਪੀ ਨੇ ਓਟ ਸੈਂਟਰਾਂ ਦਾ ਕੀਤਾ ਦੌਰਾ, ਦਿੱਤੀਆਂ ਸਖਤ ਹਦਾਇਤਾਂ
ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਅਤੇ ਡਾ. ਅਖਿਲ ਚੌਧਰੀ ਆਈ.ਪੀ.ਐੱਸ ਐੱਸ.ਐੱਸ.ਪੀ ਨੇ ਦੋਦਾ ਦੇ ਕਮਿਊਨਿਟੀ ਹੈੱਲਥ ਸੈਂਟਰ ਵਿੱਚ ਬਣੇ ਓਟ ਕਲੀਨਿਕ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇੱਥੇ ਉਪਲੱਬਧ ਸਹੂਲਤਾਂ ਅਤੇ ਦਵਾਈਆਂ ਦਾ ਜਾਇਜ਼ਾ ਲਿਆ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਨਸ਼ਾ ਛੱਡਣ ਆਉਣ ਵਾਲੇ ਲੋਕਾਂ ਦੀ ਸਹੀ ਤਰੀਕੇ ਨਾਲ ਕੌਂਸਲਿੰਗ ਕੀਤੀ ਜਾਵੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਅਤੇ ਡਾ. ਅਖਿਲ ਚੌਧਰੀ ਆਈ.ਪੀ.ਐੱਸ ਐੱਸ.ਐੱਸ.ਪੀ ਨੇ ਦੋਦਾ ਦੇ ਕਮਿਊਨਿਟੀ ਹੈੱਲਥ ਸੈਂਟਰ ਵਿੱਚ ਬਣੇ ਓਟ ਕਲੀਨਿਕ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇੱਥੇ ਉਪਲੱਬਧ ਸਹੂਲਤਾਂ ਅਤੇ ਦਵਾਈਆਂ ਦਾ ਜਾਇਜ਼ਾ ਲਿਆ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਨਸ਼ਾ ਛੱਡਣ ਆਉਣ ਵਾਲੇ ਲੋਕਾਂ ਦੀ ਸਹੀ ਤਰੀਕੇ ਨਾਲ ਕੌਂਸਲਿੰਗ ਕੀਤੀ ਜਾਵੇ ਤਾਂ ਜੋ ਉਹ ਜਲਦ ਤੋਂ ਜਲਦ ਨਸ਼ਾ ਛੱਡ ਕੇ ਆਮ ਨਾਗਰਿਕ ਵਜੋਂ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਤੋਂ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਜੋ ਸਰਕਾਰੀ ਸੰਸਥਾ ਤੋਂ ਨਸ਼ਾ ਛੱਡਣ ਦੀ ਦਵਾਈ ਲੈਂਦਾ ਹੈ, ਉਸ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ।
ਇਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਅਖਿਲ ਚੌਧਰੀ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਸਖਤੀ ਤੋਂ ਬਾਅਦ ਸਪਲਾਈ ਲਾਈਨ ਵਿੱਚ ਕਟੌਤੀ ਆਈ ਹੈ। ਜਿਸ ਕਾਰਨ 250 ਦੇ ਕਰੀਬ ਲੋਕ ਨਸ਼ਾ ਛੱਡਣ ਲਈ ਓਟ ਕਲੀਨਿਕ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਦੀ ਜਾਂਚ ਕੀਤੀ ਗਈ। ਪੁਲਿਸ ਵੱਲੋਂ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਨਸ਼ਿਆਂ ਵੱਲ ਜਾਣ ਤੋਂ ਬਚਾਇਆ ਜਾ ਸਕੇ।
Author : Malout Live