ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਨੌਜਵਾਨ ਭਾਰਤ ਸਭਾ ਨੇ ਕੱਢਿਆ ਵਿਸ਼ਾਲ ਮੋਟਰਸਾਈਕਲ ਮਾਰਚ
ਨੌਜਵਾਨ ਭਾਰਤ ਸਭਾ ਦੀ ਸਟੇਟ ਕਮੇਟੀ ਦੇ ਸੱਦੇ ’ਤੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮਾਰਚ ਵੜਿੰਗ ਟੋਲ ਪਲਾਜ਼ਾ ਤੋਂ ਸ਼ੁਰੂ ਹੋ ਕੇ ਸ਼੍ਰੀ ਮੁਕਤਸਰ ਸਾਹਿਬ ਡੀ.ਸੀ ਦਫ਼ਤਰ ਤੱਕ ਪਹੁੰਚਿਆ।
ਮਲੋਟ(ਸ਼੍ਰੀ ਮੁਕਤਸਰ ਸਾਹਿਬ) : ਨੌਜਵਾਨ ਭਾਰਤ ਸਭਾ ਦੀ ਸਟੇਟ ਕਮੇਟੀ ਦੇ ਸੱਦੇ ’ਤੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮਾਰਚ ਵੜਿੰਗ ਟੋਲ ਪਲਾਜ਼ਾ ਤੋਂ ਸ਼ੁਰੂ ਹੋ ਕੇ ਸ਼੍ਰੀ ਮੁਕਤਸਰ ਸਾਹਿਬ ਡੀ.ਸੀ ਦਫ਼ਤਰ ਤੱਕ ਪਹੁੰਚਿਆ। ਮਾਰਚ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਖੋਖਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਿਰਫ਼ ਜੱਲ੍ਹਿਆਂਵਾਲਾ ਬਾਗ ਦੇ ਬਦਲੇ ਤੱਕ ਸੀਮਿਤ ਕਰਨਾ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਨਾਲ ਨਿਆਂ ਨਹੀਂ ਹੈ। ਉਨ੍ਹਾਂ ਕਿਹਾ ਕਿ ਊਧਮ ਸਿੰਘ ਗਦਰ ਪਾਰਟੀ ਅਤੇ ਐਚ.ਐੱਸ.ਆਰ.ਏ ਦੇ ਸਰਗਰਮ ਆਗੂ ਰਹੇ ਅਤੇ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੇ ਨਾਂ ਹੇਠ ਅੰਗਰੇਜ਼ ਹਕੂਮਤ ਵਿਰੁੱਧ ਸੰਘਰਸ਼ ਕੀਤਾ। ਡੀ.ਸੀ ਦਫ਼ਤਰ ਸਾਹਮਣੇ ਹੋਈ ਰੈਲੀ ਦੌਰਾਨ ਸੂਬਾ ਪ੍ਰਧਾਨ ਮੰਗਾ ਆਜ਼ਾਦ ਅਤੇ ਜ਼ਿਲ੍ਹਾ ਸਕੱਤਰ ਗੁਰਤੇਜ ਵੜਿੰਗ ਨੇ ਨੌਜਵਾਨਾਂ ਨੂੰ ਲੋਕ ਹੱਕਾਂ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਅਤੇ ਸਰਕਾਰ ’ਤੇ ਲੋਕ ਮਸਲਿਆਂ ਨੂੰ ਅਣਡਿੱਠਾ ਕਰਨ ਦੇ ਦੋਸ਼ ਲਗਾਏ।
ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਬਰੀਵਾਲਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਟਾਫ਼ ਦੀ ਘਾਟ ਪੂਰੀ ਕਰਨ, ਹਰੀ ਕੇ ਕਲਾਂ ਵਿੱਚ ਨਸ਼ੇ ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਨੌਕਰੀ ਦੇਣ, ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਲਈ ਮਿਊਜ਼ੀਅਮ ਬਣਾਉਣ ਅਤੇ ਫਿਰੋਜ਼ਪੁਰ ਸਥਿਤ ਸ਼ਹੀਦ ਭਗਤ ਸਿੰਘ ਦੇ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਤੇ ਮਿਊਜ਼ੀਅਮ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
Author : Malout Live



