ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸੰਬੰਧ ਵਿੱਚ ਮਾਨਯੋਗ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਵੱਲੋਂ ਪਿਛਲੇ ਦਿਨੀਂ ਸਿਵਲ ਹਸਪਤਾਲ ਮੋਹਾਲੀ ਤੋਂ 15 ਏਡਜ਼ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਪੂਰੇ ਪੰਜਾਬ ਵਿੱਚ ਜਾਗਰੁਕਤਾ ਫੈਲਾਉਣ ਲਈ ਰਵਾਨਾ ਕੀਤਾ ਸੀ। ਇਸ ਸੰਬੰਧੀ ਇੱਕ ਜਾਗਰੁਕਤਾ ਵੈਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀ ਹੈ। ਅੱਜ ਇਸ ਵੈਨ ਨੂੰ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਇਹ ਵੈਨ 28 ਫਰਵਰੀ ਤੋਂ 14 ਮਾਰਚ ਤੱਕ ਜ਼ਿਲ੍ਹੇ ਦੇ ਲਗਭਗ 55 ਪਿੰਡਾਂ ਅਤੇ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਦੇ ਵੱਖ-ਵੱਖ ਏਰੀਆ ਨੂੰ ਕਵਰ ਕਰੇਗੀ। ਉਹਨਾਂ ਦੱਸਿਆ ਕਿ ਇਹ ਵੈਨ ਐੱਚ.ਆਈ.ਵੀ/ਏਡਜ਼ ਤੋਂ ਲੋਕਾਂ ਦਾ ਬਚਾਓ ਕਰਨ ਬਾਰੇ ਜਾਗਰੂਕ ਕਰੇਗੀ।
ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਇਹ ਵੈਨ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ, ਗੋਨੇਆਣਾ ਰੋਡ, ਦਾਨਾ ਮੰਡੀ, ਮੋੜ ਰੋਡ ਅਤੇ ਕੋਟਲੀ ਰੋਡ ਵਿਖੇ ਜਾ ਕੇ ਜਾਗਰੂਕ ਕਰੇਗੀ। ਉਨ੍ਹਾਂ ਕਿਹਾ ਕਿ ਏਡਜ਼ ਪੀੜ੍ਹਿਤ ਮਰੀਜਾਂ ਤੋਂ ਨਫ਼ਰਤ ਜਾਂ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਏਡਜ਼ ਨੂੰ ਲੈ ਕੇ ਜਾਗਰੂਕ ਅਤੇ ਸਤਰਕ ਹੋਣ ਦੀ ਲੋੜ ਹੈ। ਜੇਕਰ ਕਿਸੇ ਦੇ ਸਰੀਰ ਵਿੱਚ ਕਮਜੋਰੀ, ਇੱਕ ਮਹੀਨੇ ਤੋਂ ਦਸਤ ਦੀ ਸ਼ਿਕਾਇਤ, ਘੱਟ ਸਮੇਂ ਵਿੱਚ ਜਿਆਦਾ ਭਾਰ ਘਟਣ ਅਤੇ ਵਾਰ-ਵਾਰ ਬਿਮਾਰ ਹੋਣ ਦੀ ਸ਼ਿਕਾਇਤ ਹੈ ਤਾਂ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਾਰੀਆਂ ਸਰਕਾਰੀ ਸੰਸਥਾਵਾਂ ਵਿੱਚ ਬਣੇ ਏ.ਆਰ.ਟੀ ਸੈਂਟਰਾਂ ਵਿੱਚ ਇਹ ਜਾਂਚ ਮੁਫ਼ਤ ਕੀਤੀ ਜਾਂਦੀ ਹੈ। ਮਰੀਜ ਦੀ ਜਾਂਚ ਰਿਪੋਰਟ ਅਤੇ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਡਾ. ਬੰਦਨਾ ਬਾਂਸਲ ਡੀ.ਐਮ.ਸੀ, ਏ.ਸੀ.ਐੱਸ ਡਾ. ਪ੍ਰਭਜੀਤ ਸਿੰਘ, ਡਾ. ਭੁਪਿੰਦਰਜੀਤ ਕੌਰ ਐੱਸ.ਐਮ.ਓ. ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਗੁਰਮੀਤ ਕੌਰ ਭੰਡਾਰੀ, ਡਾ. ਅਨੀਤਾ ਮੈਡੀਕਲ ਅਫਸਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ, ਕੌਂਸਲਰ ਸਤਨਾਮ ਕੌਰ, ਯੂਥ ਵੈੱਲਫੇਅਰ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਦੇ ਮੈਂਬਰ ਅਤੇ ਹੋਰ ਸਟਾਫ਼ ਮੌਜੂਦ ਸਨ। Author: Malout Live