ਜਲਦੀ 842 ਹੋਰ ਸਰਕਾਰੀ ਨਵੀਆਂ ਬੱਸਾਂ ਸੜਕਾਂ ਤੇ ਦੌੜਣਗੀਆਂ - ਟਰਾਂਸਪੋਰਟ ਮੰਤਰੀ

ਮਲੋਟ:- ਸੜਕਾਂ ਤੇ ਜਲਦੀ ਹੀ ਹੋਰ 842 ਨਵੀਆਂ ਬੱਸਾਂ ਦੌੜਣਗੀਆਂ, ਇਹ ਜਾਣਕਾਰੀ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਨੇ ਅੱਜ ਪੰਜਾਬ ਰੋਡਵੇਜ ਬੱਸ ਡਿਪੂ ਸ਼੍ਰੀ ਮੁਕਤਸਰ ਸਾਹਿਬ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਥਾਨਕ ਬੱਸ ਸਟੈਂਡ ਨੂੰ ਨਵੀ ਲੁਕ ਦੇਣ ਲਈ 56 ਲੱਖ ਰੁਪਏ ਲਗਾ ਕੇ ਇਸ ਦੀ ਰਿਪੇਅਰ ਕੀਤੀ ਜਾਵੇਗੀ, ਇਹ ਕੰਮ ਪੀ.ਡਬਲਯੂ.ਡੀ.ਐਂਡ.ਆਰ ਵੱਲੋ ਕਰਵਾਇਆ ਜਾਵੇਗਾ।

ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਬੱਸਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ, ਬਲਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਟਰਾਂਸਪੋਰਟਾਂ ਦਾ 100 ਕਰੋੜ ਰੁਪਏ ਦਾ ਟੈਕਸ ਮੁਆਫ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਸਿਰਫ 2021 ਦਾ ਹੀ ਟੈਕਸ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਵਸੂਲਿਆਂ ਜਾ ਰਿਹਾ ਹੈ ਅਤੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ। ਉਹਨਾਂ ਖੁਸ਼ੀ ਪ੍ਰਗਟ ਕੀਤੀ ਕਿ ਸਰਕਾਰੀ ਬੱਸਾਂ ਦੀ ਰੋਜਾਨਾ 40 ਲੱਖ ਰੁਪਏ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ ਸਰਕਾਰੀ ਡਿੱਪੂ ਹੁਣ ਮੁਨਾਫੇ ਵਿੱਚ ਚੱਲ ਪਏ ਹਨ। ਇਸ ਮੌਕੇ ਤੇ ਕੈਬਨਿਟ ਮੰਤਰੀ ਨੇ ਸਥਾਨਕ ਬੱਸ ਸਟੈਂਡ ਦੀ ਵਰਕਸ਼ਾਪ, ਡੀਜ਼ਲ ਪੰਪ ਆਟੋ ਮਿਸ਼ਨ ਸਿਸਟਮ, ਬੱਸ ਸਟੈਂਡ ਦੀ ਸਾਫ ਸਫਾਈ ਅਤੇ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਪਾਸੋ ਸਰਕਾਰੀ ਬੱਸਾਂ ਵਿੱਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਸੰਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਤੇ ਉਹਨਾਂ ਸਥਾਨਕ ਬੱਸ ਸਟੈਂਡ ਵਿੱਚ ਬੂਟ ਪਾਲਿਸ਼ ਕਰਨ ਵਾਲੇ ਵਿਅਕਤੀ ਹੰਸ ਰਾਜ ਪਾਸੋਂ ਵੀ ਸਮੱਸਿਆਵਾਂ ਸੁਣੀਆਂ ਅਤੇ ਸੰਬੰਧਿਤ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਇਸ ਪਾਸੋਂ 1200 ਰੁਪਏ ਪ੍ਰਤੀ ਮਹੀਨੇ ਦੀ ਬਜਾਏ 700 ਰੁਪਏ ਪ੍ਰਤੀ ਮਹੀਨਾ ਕਿਰਾਇਆ ਲਿਆ ਜਾਵੇ,  ਜਿਸ ਤੋਂ ਖੁਸ਼ ਹੋ ਕੇ ਹੰਸ ਰਾਜ ਨੇ ਸ. ਵੜਿੰਗ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੀ ਨਰਿੰਦਰ ਕਾਉਣੀ ਚੇਅਰਮੈਨ ਜ਼ਿਲਾ ਪ੍ਰੀਸ਼ਦ, ਸ਼੍ਰੀ ਭੀਨਾ ਬਰਾੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ਼੍ਰੀ ਜਸਪ੍ਰੀਤ ਸਿੰਘ ਛਾਬੜਾ ਵੀ ਮੌਜੂਦ ਸਨ।