ਪੰਜਾਬ 'ਚ 45 ਹਜ਼ਾਰ ਮੁਰਦੇ ਲੈ ਰਹੇ ਰਾਸ਼ਨ, ਆਟਾ ਦਾਲ ਸਕੀਮ 'ਚ ਪੜਤਾਲ ਦੌਰਾਨ ਹੋਇਆ ਖੁਲਾਸਾ

ਮਲੋਟ (ਪੰਜਾਬ): ਪੰਜਾਬ ਸਰਕਾਰ ਵੱਲੋਂ ‘ਆਟਾ ਦਾਲ ਸਕੀਮ’ ਦੀ ਕਰਵਾਈ ਪੜਤਾਲ ’ਚ ਵੱਡੀ ਗੜਬੜ ਸਾਹਮਣੇ ਆਈ ਹੈ, ਜਿਸ ਦੇ ਤੱਥ ਹੈਰਾਨੀ ਭਰੇ ਹਨ। ਪੜਤਾਲ ’ਚ ਪਤਾ ਲੱਗਾ ਹੈ ਕਿ ਪੰਜਾਬ ਵਿੱਚ 45 ਹਜ਼ਾਰ ਮ੍ਰਿਤਕ ਵਿਅਕਤੀ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੈ ਰਹੇ ਹਨ। ਇਸੇ ਤਰ੍ਹਾਂ ਰਸੂਖਵਾਨ ਲੋਕ ਵੀ ਆਟਾ ਦਾਲ ਸਕੀਮ ਦੇ ਲਾਭਪਾਤਰੀ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦਾ ਬਿਓਰਾ ਆਧਾਰ ਕਾਰਡਾਂ ਨਾਲ ਲਿੰਕ ਕਰਨ ’ਤੇ ਇਹ ਤੱਥ ਸਾਹਮਣੇ ਆਏ ਹਨ। ਵੇਰਵਿਆਂ ਅਨੁਸਾਰ ਪੰਜਾਬ ’ਚ ਕਰੀਬ 10.56 ਲੱਖ ਅਜਿਹੇ ਰਸੂਖਵਾਨਾਂ ਦੀ ਸ਼ਨਾਖ਼ਤ ਹੋਈ ਹੈ, ਜਿਨ੍ਹਾਂ ਨੂੰ ਆਟਾ-ਦਾਲ ਸਕੀਮ ਦਾ ਰਾਸ਼ਨ ਮਿਲ ਰਿਹਾ ਹੈ।

ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵੱਲੋਂ 89,967 ਲਾਭਪਾਤਰੀਆਂ ਦਾ ਵੇਰਵਾ ਤੇ ਆਧਾਰ ਕਾਰਡ ਮੁਹੱਈਆ ਕਰਾਏ ਗਏ ਸਨ, ਜਿਸ ਮਗਰੋਂ ਪਤਾ ਲੱਗਿਆ ਕਿ ਇਸ ਸਕੀਮ ਤਹਿਤ ਰਾਸ਼ਨ ਲੈ ਰਹੇ 45,844 ਲਾਭਪਾਤਰੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸ਼ਹਿਰੀ ਖੇਤਰਾਂ ਵਿੱਚ ਅਜਿਹੇ 16,789 ਵਿਅਕਤੀਆਂ ਦੀ ਸ਼ਨਾਖ਼ਤ ਹੋਈ ਹੈ, ਜੋ ਪ੍ਰਾਪਰਟੀ ਟੈਕਸ ਵੀ ਭਰ ਰਹੇ ਹਨ ਅਤੇ ਆਟਾ-ਦਾਲ ਸਕੀਮ ਤਹਿਤ ਰਾਸ਼ਨ ਵੀ ਲੈ ਰਹੇ ਹਨ। ਪੰਜਾਬ ਵਿੱਚ ਇਸ ਵੇਲੇ ਕੁੱਲ 1.57 ਕਰੋੜ ਲਾਭਪਾਤਰੀਆਂ ਨੂੰ ਅਨਾਜ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੜਤਾਲ ਲਈ ਇਹ ਨਵਾਂ ਪੈਂਤੜਾ ਅਪਣਾਇਆ ਗਿਆ ਸੀ ਤਾਂ ਜੋ ਇਸ ਸਕੀਮ ਦਾ ਗ਼ਲਤ ਫਾਇਦਾ ਉਠਾਉਣ ਵਾਲਿਆਂ ਨੂੰ ਬੇਪਰਦ ਕੀਤਾ ਜਾ ਸਕੇ। ਉਂਜ ਡਿਪਟੀ ਕਮਿਸ਼ਨਰਾਂ ਵੱਲੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਵੱਖਰੇ ਤੌਰ ’ਤੇ ਵੀ ਕੀਤੀ ਜਾ ਰਹੀ ਹੈ। Author: Malout Live