ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ 554ਵਾਂ ਗੁਰਪੁਰਬ

ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦਿਨ ਦੇ ਪਹਿਲੇ ਪਹਿਰ ਰਾਤ ਢਾਈ ਵਜੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦਾਨੇਵਾਲਾ ਤੋਂ ਪੁੱਜੀ ਪ੍ਰਭਾਤ ਫੇਰੀ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਚਾਹ ਦੇ ਲੰਗਰ ਛਕਾਏ ਗਏ। ਦਿਨ ਦੇ ਸਮਾਗਮਾਂ ਵਿੱਚ ਸਵੇਰੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਭਾਈ ਚਰਨਜੀਤ ਸਿੰਘ ਖਾਲਸਾ ਮਲੋਟ ਅਤੇ ਭਾਈ ਸਾਹਿਬ ਸਿੰਘ ਜੀ 40 ਪੀ.ਐੱਸ ਰਾਜਸਥਾਨ ਦੇ ਜੱਥਿਆਂ ਵੱਲੋਂ ਦੀਵਾਨ ਸਜਾਏ ਗਏ। ਜੱਥਿਆਂ ਵੱਲੋਂ ਬਾਬਾ ਨਾਨਕ ਜੀ ਵੱਲੋਂ ਕਿਸ ਤਰ੍ਹਾਂ ਚੋਰੀਆਂ ਠੱਗੀਆਂ ਦੇ ਗਲਤ ਰਸਤਿਆਂ ਤੇ ਪੈ ਚੁੱਕੇ ਮਨੁੱਖਾਂ ਨੂੰ ਸਿੱਧੇ ਰਸਤੇ ਪਾਇਆ ਗਿਆ ਅਤੇ ਬਾਬਾ ਨਾਨਕ ਦੇ ਦਰਸਾਏ ਜੀਵਨ ਜਾਂਚ ਨਾਲ ਕਿਸ ਤਰਾਂ ਇਹ ਸਰੀਰ ਚੋਰ ਠੱਗ ਤੋਂ ਸੱਜਣ ਬਣ ਗਏ ਆਦਿ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ।

ਗੁਰੂ-ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਬਾਬਾ ਨਾਨਕ ਦੇ ਦਿੱਤੇ ਸਿਧਾਂਤ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਤੇ ਚੱਲਣ ਦਾ ਸੰਦੇਸ਼ ਦਿੰਦਿਆਂ ਸੰਗਤਾਂ ਨੂੰ ਆਪਸੀ ਵੈਰ ਵਿਰੋਧ ਭੁਲਾ ਕੇ ਪਿਆਰ ਦਾ ਰਸਤਾ ਅਪਨਾਉਣ ਦੇ ਪ੍ਰੇਰਨਾ ਕੀਤੀ ਗਈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜਨ, ਸੁਣਨ ਉਪਰੰਤ ਸਮਝ ਤੇ ਅਮਲ ਕਰਨ ਅਤੇ ਆਪਣੇ ਜੀਵਨ ਵਿੱਚ ਅਪਨਾਉਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਭਾਈ ਸੁਰਿੰਦਰ ਸਿੰਘ ਬੱਗਾ, ਜੱਜਪਾਲ ਸ਼ਰਮਾ, ਅਜਮੇਰ ਸਿੰਘ ਬਰਾੜ, ਭਾਈ ਜਗਮੀਤ ਸਿੰਘ ਖਾਲਸਾ, ਭਾਈ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਆਪ ਪਾਰਟੀ ਬੀ.ਸੀ ਵਿੰਗ ਪ੍ਰਧਾਨ, ਗਗਨਦੀਪ ਸਿੰਘ ਔਲਖ ਪ੍ਰਧਾਨ ਆਪ ਪਾਰਟੀ, ਭਾਈ ਜਗਜੀਤ ਸਿੰਘ ਅਬੁਲ ਖੁਰਾਣਾ, ਅਸ਼ਵਨੀ ਗੋਇਲ, ਚੇਤਨ ਭੂਰਾ, ਬੀਬੀ ਨਿਰਮਲ ਕੌਰ ਗਿੱਲ, ਬੀਬੀ ਜਸਬੀਰ ਕੌਰ, ਬੀਬੀ ਚਰਨਜੀਤ ਕੌਰ ਅਤੇ ਬੀਬੀ ਸੁਖਵਿੰਦਰ ਕੌਰ ਬਰਾੜ ਆਦਿ ਸਮੇਤ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। Author: Malout Live