ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਸਕੀਮਾਂ ਅਧੀਨ 45 ਕਰੋੜ ਰੁਪਏ ਦੀ ਵੰਡ

ਮਲੋਟ (ਪੰਜਾਬ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਸਾਰੀ ਕਿਰਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹੋਰ ਵਧੀਆ ਢੰਗ ਨਾਲ ਲਾਗੂ ਕਰਨ ਅਤੇ ਉਹਨਾਂ ਦੀ ਮੱਦਦ ਕਰਨ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਸੰਬੰਧੀ ਵੱਖ-ਵੱਖ ਸਕੀਮਾਂ ਅਧੀਨ 45 ਕਰੋੜ ਦੀ ਰਾਸ਼ੀ ਦੀ ਵੰਡ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਕਿਰਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿਅਕਤੀ ਦੀ ਉਮਰ 18-60 ਸਾਲ ਦੇ ਵਿੱਚ ਹੋਵੇ ਅਤੇ ਉਸ ਨੇ ਪਿਛਲੇ 12 ਮਹੀਨਿਆਂ ਦੌਰਾਨ 90 ਦਿਨ ਜਾਂ ਇਸ ਤੋਂ ਵੱਧ ਬਤੌਰ ਉਸਾਰੀ ਕਿਰਤੀ ਵਜੋਂ ਕੰਮ ਕੀਤਾ ਹੋਵੇ, ਉਹ ਲਾਭਪਾਤਰੀ ਬਣ ਸਕਦਾ ਹੈ। ਉਹਨਾਂ ਦੱਸਿਆ ਕਿ ਰਾਜ ਮਿਸਤਰੀ, ਇੱਟਾਂ-ਸੀਮੈਂਟ ਫੜਾਉਣ ਵਾਲਾ ਮਜ਼ਦੂਰ, ਪੇਂਟਰ, ਇਲੈਕਟ੍ਰੀਸ਼ੀਅਨ, ਵੈਲਡਰ, ਕਾਰਪੇਂਟਰ, ਪਲੰਬਰ, ਪੱਥਰ ਰਗੜਾਈ ਕਰਨ ਵਾਲਾ, ਸ਼ੀਸ਼ੇ ਲਗਾਉਣ ਵਾਲਾ ਅਤੇ ਪੀ.ਓ.ਪੀ ਆਦਿ ਉਸਾਰੀ ਦਾ ਕੰਮ ਕਰਨ ਵਾਲਾ ਕਿਰਤੀ ਬੋਰਡ ਦਾ ਲਾਭਪਾਤਰੀ ਬਣ ਸਕਦਾ ਹੈ।                                                       

ਉਹਨਾਂ ਕਿਹਾ ਕਿ ਲਾਭਪਾਤਰੀ ਉਸਾਰੀ ਕਿਰਤੀ ਦੀਆਂ 2 ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਅਧੀਨ 65 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਐਨਕਾਂ ਲਈ 800 ਰੁਪਏ, ਦੰਦਾਂ ਲਈ 5000 ਰੁਪਏ ਅਤੇ ਸੁਣਨ ਵਾਲੀ ਮਸ਼ੀਨ ਲਈ 6000 ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਪਰਿਵਾਰਿਕ ਮੈਂਬਰਾਂ ਦੇ ਦਾਹ ਸੰਸਕਾਰ ਵਾਸਤੇ 20,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਖ਼ਤਰਨਾਕ ਬਿਮਾਰੀਆਂ ਦੇ ਇਲਾਜ ਲਈ ਕਿਰਤੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਦੇ ਇਨਡੋਰ ਇਲਾਜ ਦੇ ਖਰਚੇ ਲਈ 1 ਲੱਖ ਰੁਪਏ ਤੱਕ ਦੀ ਪ੍ਰਤੀ ਪੂਰਤੀ ਕੀਤੀ ਜਾ ਸਕਦੀ ਹੈ। ਇਸਤਰੀ ਕਿਰਤੀ ਨੂੰ ਬੱਚੇ ਦੇ ਜਨਮ ਸਮੇਂ 21,000 ਰੁਪਏ ਅਤੇ ਪੁਰਸ਼ ਕਿਰਤੀ ਨੂੰ 5000 ਰੁਪਏ ਪ੍ਰਤੀ ਬੱਚਾ ਵੱਧ ਤੋਂ ਵੱਧ 2 ਬੱਚਿਆਂ ਲਈ ਦਾ ਲਾਭ ਦਿੱਤਾ ਜਾ ਸਕਦਾ ਹੈ। ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਆਯੂਸ਼ਮਾਨ ਯੋਜਨਾ ਅਧੀਨ ਰਜਿਸਟਰ ਕਰਨ ਉਪਰੰਤ 5 ਲੱਖ ਰੁਪਏ ਦਾ ਇਲਾਜ ਪ੍ਰਤੀ ਪਰਿਵਾਰ ਮਿਲ ਸਕਦਾ ਹੈ। ਇਸ ਮੰਤਵ ਲਈ ਆਨਲਾਈਨ ਅਰਜ਼ੀ ਨੇੜੇ ਦੇ ਸੇਵਾ ਕੇਂਦਰ ਵਿਖੇ ਇੱਕ ਵਾਰ ਸਮੇਤ ਰਜਿਸਟ੍ਰੇਸ਼ਨ ਫ਼ੀਸ ਵਜੋਂ 25 ਅਤੇ 10 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਇੱਕ ਤੋਂ 3 ਸਾਲ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਹਲਕੇ ਦੇ ਨਜ਼ਦੀਕੀ ਸੇਵਾ ਕੇਂਦਰ, ਸਹਾਇਕ ਕਿਰਤ ਕਮਿਸ਼ਨਰ ਜਾਂ ਇੰਸਪੈਕਟਰ, ਲੇਬਰ ਇਨਫੋਰਸਮੈਂਟ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। Author: Malout Live