ਹੁਣ ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ 'ਤੇ ਹੋਵੇਗੀ ਸਖਤ ਕਾਰਵਾਈ, ਨਵੇਂ ਨਿਯਮ ਹੋਏ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਪੁਲਿਸ ਸਕੂਲਾਂ 'ਚ ਜਾ ਕੇ 18 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਦੇ 2 ਪਹੀਆ ਤੇ 4 ਪਹੀਆ ਵਹੀਕਲ ਚਲਾਉਣ 'ਤੇ ਰੋਕ ਲਾਉਣ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰੇਗੀ। ਇਸ ਸੰਬੰਧੀ ਪੰਜਾਬ ਪੁਲਿਸ ਦੇ ਟ੍ਰੈਫ਼ਿਕ ਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਵੱਲੋਂ ਸਮੂਹ ਪੁਲਿਸ ਕਮਿਸ਼ਨਰ, ਸਮੂਹ ਜ਼ਿਲ੍ਹਾ ਪੁਲਿਸ ਮੁੱਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
ਪੱਤਰ 'ਚ ਕਿਹਾ ਗਿਆ ਹੈ ਕਿ ਟ੍ਰੈਫ਼ਿਕ ਐਜੂਕੇਸ਼ਨ ਸੈੱਲ/ਟ੍ਰੈਫ਼ਿਕ ਸਟਾਫ ਰਾਹੀਂ ਆਮ ਪਬਲਿਕ ਨੂੰ ਜ਼ਿਲ੍ਹਾ ਪੱਧਰ 'ਤੇ ਪਬਲਿਕ ਰਿਲੇਸ਼ਨ ਅਫ਼ਸਰ ਰਾਹੀਂ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਇੱਕ ਮਹੀਨੇ ਤੱਕ ਮੋਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199-ਏ ਤੇ 199-ਬੀ ਬਾਰੇ ਜਾਗਰੂਕ ਕੀਤਾ ਜਾਵੇ ਕਿ ਕੋਈ ਨਾਬਾਲਗ ਬੱਚਾ 31 ਜੁਲਾਈ ਤੋਂ ਬਾਅਦ 2 ਪਹੀਆ ਤੇ 4 ਪਹੀਆ ਵਹੀਕਲ ਚਲਾਉਂਦਾ, ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਦੇ ਮਾਤਾ-ਪਿਤਾ ਖਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਅਜਿਹਾ ਹੋਣ 'ਤੇ ਉਨ੍ਹਾਂ ਨੂੰ 3 ਸਾਲ ਦੀ ਕੈਦ ਤੇ 25,000 ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਜੇ ਕੋਈ ਨਾਬਾਲਗ ਬੱਚਾ ਕਿਸੇ ਪਾਸੇ 2 ਪਹੀਆ ਵਾਹਨ ਜਾਂ 4 ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਮਾਲਕ ਖਿਲਾਫ਼ ਵੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। Author : Malout Live