ਤੇਜ਼ਧਾਰ ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰੇ ਦੁਕਾਨਦਾਰ ਤੋਂ 20 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ, ਘਟਨਾ ਸੀਸੀਟੀਵੀ ’ਚ ਕੈਦ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼ਨੀਵਾਰ ਰਾਤ ਕਰੀਬ 9.30 ਵਜੇ ਮੁਕਤਸਰ ਦੇ ਕੱਚਾ ਥਾਂਦੇਵਾਲਾ ਰੋਡ ਤੇ ਇਕ ਕਰਿਆਨੇ ਦੀ ਦੁਕਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ ਨਕਾਬਪੋਸ਼ ਦੁਕਾਨਦਾਰ ਨੂੰ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਲੁਟੇਰੇ ਦੁਕਾਨਦਾਰ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਪੀੜਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ। ਦੱਸ ਦੇਈਏ ਕਿ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਕਾਰਨ ਦੁਕਾਨਦਾਰ ਕਾਫੀ ਸਹਿਮੇ ਹੋਏ ਹਨ। ਲੁਟੇਰਿਆਂ ਨੇ ਦੁਕਾਨਦਾਰ ਤੋਂ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਹੈ। ਐਤਵਾਰ ਦੇਰ ਸ਼ਾਮ ਦੁਕਾਨਦਾਰਾਂ ਨੇ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਸੰਬੰਧੀ ਵਿਚਾਰ ਕਰਨ ਲਈ ਮੀਟਿੰਗ ਕੀਤੀ।

ਇਕੱਤਰ ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਕਰਿਆਨਾ ਸਟੋਰ ਸੰਚਾਲਕ ਸੁਰੇਸ਼ ਕਰੀਬ ਸਾਢੇ 9 ਵਜੇ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਮੋਟਰਸਾਇਕਲ ਤੇ ਸਵਾਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ ਨਕਾਬਪੋਸ਼ ਦੁਕਾਨ ਤੇ ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਦੁਕਾਨਦਾਰ ਅਤੇ ਉਸਦੇ ਸਾਥੀ ਨੂੰ ਫੜ ਕੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇਕ ਲੁਟੇਰੇ ਨੇ ਦੁਕਾਨਦਾਰ ਦੀ ਗਰਦਨ ਤੇ ਤੇਜ਼ਧਾਰ ਹਥਿਆਰ ਰੱਖ ਦਿੱਤਾ ਅਤੇ ਗੱਲੇ ਚੋਂ ਪੈਸੇ ਕੱਢ ਲਏ। ਦੁਕਾਨਦਾਰ ਹੱਥ ਜੋੜ ਕੇ ਲੁਟੇਰਿਆਂ ਨੂੰ ਬੇਨਤੀ ਕਰਦਾ ਰਿਹਾ, ਪਰ ਉਹ ਡਰੇ ਹੋਏ ਦੁਕਾਨਦਾਰ ਤੋਂ 20 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। Author: Malout Live