ਡਿਪਟੀ ਕਮਿਸ਼ਨਰ ਨੇ ਮਾਲ ਅਧਿਕਾਰੀਆਂ ਨਾਲ ਮੀਟਿੰਗ ਕਰ ਵੱਖ-ਵੱਖ ਮੁੱਦਿਆਂ ਤੇ ਕੀਤੀ ਸਮੀਖਿਆ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਲ ਅਧਿਕਾਰੀਆਂ ਦੀ ਮਹੀਨਾਵਾਰ ਰੈਵੀਨਿਊ ਮੀਟਿੰਗ ਹੋਈ। ਮੀਟਿੰਗ ਵਿੱਚ ਜਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਜ਼, ਸਮੂਹ ਸੀ.ਆਰ.ਓ.ਜ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਿਰ ਆਏ। ਇਸ ਮੀਟਿੰਗ ਵਿੱਚ ਬਾਰਿਸ਼ਾਂ ਕਾਰਨ ਨੁਕਸਾਨੇ ਗਏ ਫਸਲਾਂ ਅਤੇ ਮਕਾਨਾਂ ਦੇ ਮੁਆਵਜੇ ਸੰਬੰਧੀ, ਮੇਰਾ ਘਰ ਮੇਰੇ ਨਾਮ, ਬਕਾਇਆ ਨਿਸ਼ਾਨਦੇਹੀਆਂ, ਇੰਤਕਾਲ, ਜਮ੍ਹਾਂਬੰਦੀਆਂ ਅਤੇ ਮੁਸਾਵੀਆਂ ਸੰਬੰਧੀ, ਮਾਲ ਅਦਾਲਤਾਂ ਦੇ ਬਕਾਇਆ ਕੇਸਾਂ, ਵੱਖ-ਵੱਖ ਕਿਸਮ ਦੀਆਂ ਰਿਕਵਰੀਆਂ, ਮਾਲ ਵਿਭਾਗ ਦੇ ਹੈਲਪਲਾਈਨ ਨੰਬਰ ਤੇ ਪ੍ਰਾਪਤ ਦਰਖਾਸਤਾਂ ਅਤੇ ਹੋਰ ਵੱਖ-ਵੱਖ ਮੁੱਦਿਆਂ ਤੇ ਸਮੀਖਿਆਂ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ
ਕੀਤੀ ਕਿ ਮਾਲ ਅਦਾਲਤਾਂ ਵਿੱਚ 2 ਸਾਲ ਤੋਂ ਵੱਧ ਸਮੇਂ ਤੋਂ ਲੰਬਿਤ ਪਏ ਕੇਸਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤਾ ਜਾਵੇ, ਬਾਰਿਸ਼ਾਂ ਕਾਰਨ ਨੁਕਸਾਨੇ ਗਏ ਮਕਾਨਾਂ ਅਤੇ ਫਸਲਾਂ ਸੰਬੰਧੀ ਮੁਆਵਜਾ ਦੇਣ ਲਈ ਰਹਿੰਦੀ ਕਾਰਵਾਈ ਜਲਦੀ ਮੁਕੰਮਲ ਕੀਤੀ ਜਾਵੇ। ਉਹਨਾਂ ਕਿਹਾ ਕਿ ਸਵਾਮਿਤਵਾ (ਮੇਰਾ ਘਰ ਮੇਰੇ ਨਾਮ) ਸਕੀਮ ਤਹਿਤ ਅਗਲੇ ਮਹੀਨੇ ਤੱਕ ਜਿਲ੍ਹੇ ਦੇ ਸਾਰੀਆਂ ਸਬ-ਡਿਵੀਜਨਾਂ ਵਿੱਚ ਕਾਨੂੰਨੀ ਮਾਲਕੀ ਵਾਲੇ ਕਾਰਡ ਬਣਵਾਉਣੇ ਸ਼ੁਰੂ ਕੀਤੇ ਜਾਣ। ਮਾਲ ਵਿਭਾਗ ਦੇ ਹੈਲਪਲਾਈਨ ਨੰਬਰ ਤੇ ਪ੍ਰਾਪਤ 15 ਦਿਨਾਂ ਤੋਂ ਵੱਧ ਸਮੇਂ ਤੋਂ ਬਕਾਇਆ ਪਈਆਂ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਹਰ 15-20 ਦਿਨਾਂ ਬਾਅਦ ਹੇਠਲੇ ਦਫਤਰਾਂ ਦੇ ਰਿਕਾਰਡ ਆਦਿ ਨੂੰ ਚੈੱਕ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜਿਲ੍ਹੇ ਵਿੱਚ ਵੱਖ-ਵੱਖ ਮੱਦਾਂ ਅਧੀਨ ਬਕਾਇਆ ਪਈ ਰਿਕਵਰੀ ਜਲਦ ਤੋਂ ਜਲਦ ਵਸੂਲਣ ਸੰਬੰਧੀ ਅਗੇਤਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। Author: Malout Live