16 ਅਕਤੂਬਰ ਤੋਂ 30 ਨਵੰਬਰ 2023 ਤੱਕ ਆਯੂਸ਼ਮਾਨ ਕਾਰਡ ਬਣਵਾਉਣ ਵਾਲੇ ਸਾਰੇ ਲਾਭਪਾਤਰੀਆਂ ਵਿੱਚੋਂ ਲੱਕੀ ਡਰਾਅ ਦੇ ਜਰੀਏ 10 ਲੋਕਾਂ ਨੂੰ ਦਿੱਤੇ ਜਾਣਗੇ ਨਗਦ ਇਨਾਮ: ਡਾ. ਬੰਦਨਾ ਬਾਂਸਲ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿੱਥੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਘਰਾਂ ਦੇ ਨੇੜੇ ਵਧੀਆ ਅਤੇ ਮੁਫਤ ਸਿਹਤ ਸਹੂਲਤਾਂ ਉਪਲੱਬਧ ਕਰਵਾ ਰਹੇ ਹਨ ਉੱਥੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਰ ਇੱਕ ਲਾਭਪਾਤਰੀ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਡਾਕਟਰ ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਵਾਸੀਆਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਜੋੜਨ ਲਈ ਨਿਵੇਕਲੀ ਪਹਿਲ ਕਰਦੇ ਹੋਏ ਲਾਭਪਾਤਰੀਆਂ ਦੇ ਕਾਰਡ ਬਣਾਉਣ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਇਕ ਦਿਵਾਲੀ ਬੰਪਰ ਡਰਾਅ ਕੱਢਿਆ ਜਾ ਰਿਹਾ ਹੈ।

ਜਿਸ ਤਹਿਤ 16 ਅਕਤੂਬਰ ਤੋਂ 30 ਨਵੰਬਰ 2023 ਤੱਕ ਆਪਣਾ ਆਯੂਸ਼ਮਾਨ ਕਾਰਡ ਬਣਵਾਉਣ ਵਾਲੇ ਸਾਰੇ ਲਾਭਪਾਤਰੀਆਂ ਵਿੱਚੋਂ ਲੱਕੀ ਡਰਾਅ ਦੇ ਜਰੀਏ 10 ਲੋਕਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਜਿਸ ਵਿੱਚ ਪਹਿਲਾ ਇਨਾਮ ਇਕ ਲੱਖ ਰੁਪਏ, ਦੂਜਾ ਇਨਾਮ ਪੰਜਾਹ ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾਂ ਇਨਾਮ ਅੱਠ ਹਜ਼ਾਰ ਰੁਪਏ ਅਤੇ 6ਵੇਂ ਤੋ 10ਵੇਂ ਇਨਾਮ ਤੱਕ ਸਾਰੇ ਜੇਤੂਆਂ ਨੂੰ ਪੰਜ-ਪੰਜ ਹਜਾਰ ਰੁਪਏ ਦਿੱਤੇ ਜਾਣਗੇ। ਇਹ ਡਰਾਅ ਪੰਜਾਬ ਸਰਕਾਰ ਵੱਲੋਂ ਦੀਵਾਲੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ‘ਤੇ 4 ਦਸੰਬਰ ਨੂੰ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਕਾਰਡਾਂ ਦੇ ਲਾਭਪਾਤਰੀਆਂ ਸ਼੍ਰੇਣੀਆਂ ਵਿੱਚ NFSA ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਰਜਿਸਟਰਡ ਛੋਟੇ ਵਪਾਰੀ, ਪੀਲੇ ਕਾਰਡ ਧਾਰਕ ਪੱਤਰਕਾਰ ਅਤੇ SECC ਆਦਿ ਸ਼ਾਮਲ ਹਨ। Author: Malout Live