ਆਈ ਫਲੂ ਦੇ ਲੱਛਣ ਹੋਣ ਤੇ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਵਾਉ: ਡਾ. ਰੀਟਾ ਬਾਲਾ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਬਰਸਾਤੀ ਮੌਸਮ ਵਿੱਚ ਅੱਖਾਂ ਦਾ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੋਰਾਨ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਜਲਦੀ ਫੈਲਦੀਆਂ ਹਨ। ਇਹ ਦੇਖਣ ਵਿਚ ਆਇਆ ਹੈ ਕਿ ਪੰਜਾਬ ਵਿੱਚ ਆਈ ਫਲੂ ਦੇ ਕੇਸ ਆ ਰਹੇ ਹਨ। ਇਹ ਬਿਮਾਰੀ ਲਾਗ ਦੀ ਬਿਮਾਰੀ ਹੈ ਜੋ ਕਿ ਇਕ ਮਨੁੱਖ ਤੋਂ ਦੂਸਰੇ ਮਨੁੱਖ ਨੂੰ ਤੇਜ਼ੀ ਨਾਲ ਹੋ ਸਕਦੀ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਪਰਿਵਾਰ ਦੇ ਮੈਂਬਰ ਨੂੰ ਅੱਖਾਂ ਵਿੱਚ ਲਾਲੀ ਜਾਂ ਪੀਲਾਪਣ,ਖੁਜ਼ਲੀ,ਅੱਖਾਂ ਵਿੱਚੋਂ ਪਾਣੀ ਆਉਣਾ,ਅੱਖਾਂ ਵਿੱਚ ਗਿੱਡ,ਚਿਪਕੀਆਂ ਅੱਖਾਂ,ਆਈਲਿਡ ਤੇ ਸੋਜ਼ਿਸ਼,ਤੇਜ਼ ਰੋਸ਼ਨੀ ਬਰਦਾਸ਼ਿਤ ਨਾ ਕਰਨਾ ਆਦਿ ਲੱਛਣ ਆਉਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਦੇ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਾਕਟਰੀ ਸਲਾਹ ਦੇ ਨਾਲ-ਨਾਲ ਕੁੱਝ ਸਾਵਧਾਨੀਆਂ ਜਿਵੇਂ ਕਿ ਗੰਦੇ ਹੱਥਾਂ ਨਾਲ ਅੱਖਾਂ ਨੂੰ ਨਾ ਛੂਹੋ,ਵਾਰ-ਵਾਰ ਹੱਥਾਂ ਨੂੰ ਸਾਬੁਣ ਅਤੇ ਪਾਣੀ ਨਾਲ ਧੋਵੋ ਜਾਂ ਸੈਨੇਟਾਈਜ਼ਰ ਵਰਤੋਂ,
ਲਾਗ ਵਾਲੇ ਵਿਅਕਤੀ ਦਾ ਤੋਲੀਆਂ ਰੁਮਾਲ ਜਾਂ ਹੋਰ ਕੱਪੜੇ ਸਾਂਝਾ ਨਾ ਕਰੋ, ਦੂਜਿਆ ਦੇ ਸਿੱਧੇ ਸੰਪਰਕ ਵਿੱਚ ਨਾ ਆਵੋ,ਧੁੱਪ ਜਾਂ ਮਿੱਟੀ ਤੋਂ ਬਚਣ ਲਈ ਚਸ਼ਮੇ ਦੀ ਵਰਤੋਂ ਕਰੋ, ਅੱਖਾਂ ਨੂੰ ਸਾਫ਼ ਕਰਨ ਲਈ ਉਬਾਲ ਕੇ ਠੰਡੇ ਕੀਤੇ ਪਾਣੀ ਦੀ ਵਰਤੋਂ ਕਰੋ,ਆਲੇ ਦੁਆਲੇ ਦੀ ਸਫ਼ਾਈ ਰੱਖੋ,ਭੀੜ ਵਾਲੀਆਂ ਥਾਵਾਂ ਅਤੇ ਸਵੀਮਿੰਗ ਪੂਲ ਤੇ ਜਾਣ ਤੋਂ ਪਰਹੇਜ਼ ਕਰੋ। ਇਸ ਮੌਕੇ ਡਾ. ਹਰਸ਼ਪ੍ਰੀਤ ਮਹਿੰਦਰਾ ਅੱਖਾਂ ਦੇ ਮਾਹਿਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜੇਕਰ ਆਈ ਫਲੂ ਹੋ ਜਾਂਦਾ ਹੈ ਤਾਂ ਅੱਖਾਂ ਨੂੰ ਸਾਫ਼ ਕਰਨ ਲਈ ਆਈ ਵਾਈਪਸ ਦੀ ਵਰਤੋਂ ਕਰੋ। ਅੱਖਾਂ ਨੂੰ ਨਾ ਰਗੜੋ,ਕਾਂਟੈਕਟ ਲੈਂਜ਼ ਦੀ ਵਰਤੋਂ ਨਾ ਕਰੋ,ਘਰੇਲੂ ਨੁਸਖੇ਼ ਜਾਂ ਘਰੇਲੂ ਉਪਚਾਰ ਦੀ ਵਰਤੋਂ ਨਾ ਕਰੋ,ਘਰ ਵਿੱਚ ਪਹਿਲਾਂ ਤੋਂ ਪਏ ਹੋਏ ਆਈ ਡਰਾਪਸ ਦੀ ਵਰਤੋਂ ਨਾ ਕਰੋ ਅਤੇ ਅੱਖਾਂ ਦੇ ਮਾਹਿਰ ਡਾਕਟਰ ਤੋਂ ਹੀ ਜਾਂਚ ਕਰਵਾਉ ਅਤੇ ਉਸਦੀ ਸਲਾਹ ਅਨੁਸਾਰ ਹੀ ਇਲਾਜ ਕਰਵਾਇਆ ਜਾਵੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਲੱਛਣਾਂ ਵਾਲੇ ਬੱਚਿਆਂ ਨੂੰ ਸਕੂਲ ਵਿੱਚ ਨਾ ਭੇਜਿਆ ਜਾਵੇ ਅਤੇ ਬਜ਼ੁਰਗਾਂ ਅਤੇ ਬੱਚਿਆਂ ਵੱਲ ਖਾਸ ਧਿਆਨ ਦਿੱਤਾ ਜਾਵੇ। Author: Malout Live