ਮਨਿਸਟਰੀਅਲ ਕਾਮਿਆਂ ਵੱਲੋਂ ਵਿਧਾਇਕ ਕਾਕਾ ਬਰਾੜ ਦੀ ਕੋਠੀ ਦਾ ਘਿਰਾਓ ਮਨਿਸਟਰੀਅ ਕਾਮਿਆਂ ਦੀ ਹੜਤਾਲ ਅੱਠਵੇਂ ਦਿਨ ਵੀ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਹੜੇ ਸਰਕਾਰੀ ਦਫ਼ਤਰਾਂ ਵਿੱਚ ਹਰ ਸਮੇਂ ਲੋਕਾਂ ਦੀ ਚਹਿਲ-ਪਹਿਲ ਰਹਿੰਦੀ ਸੀ, ਉਹ ਅੱਜ ਸੁੰਨ-ਸਾਨ ਪਏ ਹਨ ਕਿਉਂਕਿ ਦਫ਼ਤਰੀ ਬਾਬੂ ਪਿਛਲੇ 8 ਦਿਨ ਤੋਂ ਕਲਮਛੋੜ/ਹੜਤਾਲ ਤੇ ਹਨ। ਇਨ੍ਹਾਂ ਦੀ ਹੜਤਾਲ ਦਾ ਕਾਰਨ ਸਰਕਾਰ ਦੀ ਵਾਅਦਾ ਖਿਲਾਫ਼ੀ ਹੈ, ਸਰਕਾਰ ਨੇ ਜੋ ਚੋਣਾਂ ਸਮੇਂ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰੇ ਨਾ ਕਰਨ ਕਾਰਨ ਸਰਕਾਰੀ ਕਰਮਚਾਰੀ ਹੜਤਾਲ ਤੇ ਹਨ ਅਤੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਨੇ ਮਨਿਸਟਰੀਅਲ ਕਾਮਿਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇੱਕ ਵਿਧਾਇਕ ਜੋ ਕਿ ਕੇਵਲ 5 ਸਾਲ ਲਈ ਹੀ ਚੁਣਿਆ ਜਾਂਦਾ ਹੈ, ਉਸ ਨੂੰ ਸਾਰੀ ਉਮਰ ਪੈਨਸ਼ਨ ਮਿਲਦੀ ਹੈ ਜਦਕਿ ਆਪਣੀ ਜ਼ਿੰਦਗੀ ਦੇ ਕਈ ਸਾਲ ਸਰਕਾਰੀ ਸੇਵਾਵਾਂ ਵਿੱਚ ਲਗਾਉਣ ਵਾਲੇ ਕਰਮਚਾਰੀ ਪੈਨਸ਼ਨ ਦੇ ਹੱਕ ਤੋਂ ਵਿਹੂਣੇ ਹਨ ਅਤੇ ਇੱਥੇ ਹੀ ਬੱਸ ਨਹੀਂ ਦਿਨ ਪ੍ਰਤੀ ਦਿਨ ਮਹਿੰਗਾਈ ਦਾ ਵੱਧ ਰਹੀ ਹੈ ਪ੍ਰੰਤੂ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਜਿਉਂ ਦਾ ਤਿਉਂ ਹੈ, ਜਿਸ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਹੈ।
ਸਰਕਾਰ ਨਿੱਤ ਹੀ ਕੋਈ ਨਾ ਕੋਈ ਤੁਗਲਕੀ ਫੁਰਮਾਨ ਜਾਰੀ ਕਰਕੇ ਮੁਲਾਜ਼ਮਾਂ ਦੀ ਸੰਘੀ ਘੁੱਟ ਰਹੀ ਹੈ, ਜਿਸ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੱਸਣਯੋਗ ਹੈ ਕਿ ਸਮੂਹ ਵਿਭਾਗਾਂ ਦੇ ਮਨਿਸਟਰੀਅਲ ਕਾਮੇ ਲਗਾਤਾਰ ਹੜਤਾਲ ਤੇ ਚੱਲ ਰਹੇ ਹਨ, ਜਿਸਦੇ ਚਲਦਿਆਂ ਸੰਘਰਸ਼ ਨੂੰ ਹੋਰ ਤੇਜ ਕਰਦੇ ਹੋਏ ਅੱਜ ਕਾਮਿਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਵਿਧਾਇਕ ਕਾਕਾ ਬਰਾੜ ਦੀ ਰਿਹਾਇਸ਼ ਦਾ ਘਿਰਾਓ ਕਰਕੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਵਿਧਾਇਕ ਦੇ ਘਰ ਵਿੱਚ ਮੌਜੂਦ ਨਾ ਹੋਣ ਕਾਰਨ ਮੁਲਾਜ਼ਮਾਂ ਨੇ ਆਪਣਾ ਮੰਗ ਪੱਤਰ ਵਿਧਾਇਕ ਦੇ ਨਿੱਜੀ ਸਹਾਇਕ ਨੂੰ ਦਿੱਤਾ। ਇਸ ਮੌਕੇ ਪੀ.ਐਸ.ਐਮ.ਐਸ.ਯੂ. ਦੇ ਸਰਪ੍ਰਸਤ ਅਤੇ ਡੀ.ਸੀ. ਦਫ਼ਤਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸੰਘਰਸ਼ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਇਸੇ ਤਰਾਂ ਜਾਰੀ ਰਹੇਗਾ ਅਤੇ ਦਿਨ ਪ੍ਰਤੀਦਿਨ ਇਸਦਾ ਰੰਗ ਹੋਰ ਗੂੜ੍ਹਾ ਹੁੰਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਸ਼ਿਮਲਾ ਵਿਖੇ ਭਰਵੀਂ ਰੈਲੀ ਕੀਤੀ ਜਾ ਰਹੀ ਹੈ ਜੋ ਕਿ ਇਤਿਹਾਸਕ ਹੋ ਨਿੱਬੜੇਗੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀ ਭਾਗ ਲੈਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਐਂਡ.ਆਰ. ਵਿਭਾਗ ਦੇ ਪਰਮਦੀਪ ਸਿੰਘ, ਸਿੱਖਿਆ ਵਿਭਾਗ ਦੇ ਸੰਦੀਪ ਕੁਮਾਰ ਬੱਤਰਾ, ਰੁਪਿੰਦਰ ਸਿੰਘ, ਖੇਤੀਬਾੜੀ ਵਿਭਾਗ ਦੇ ਅਸ਼ੋਕ ਕੁਮਾਰ, ਪੰਜਾਬ ਰੋਡਵੇਜ਼ ਤੋਂ ਗੁਰਮੀਤ ਸਿੰਘ, ਪਵਨ ਕੁਮਾਰ, ਭੂਮੀ ਰੱਖਿਆ ਵਿਭਾਗ ਤੋਂ ਸ਼ਿਵਰਾਜ ਸਿੰਘ, ਜਿਲ੍ਹਾ ਭਲਾਈ ਦਫ਼ਤਰ ਤੋਂ ਭੁਪਿੰਦਰ ਸਿੰਘ, ਖਜਾਨਾ ਦਫ਼ਤਰ ਤੋਂ ਸਾਹਿਬ ਸਿੰਘ ਅਤੇ ਲੋਕ ਸੰਪਰਕ ਦਫ਼ਤਰ ਤੋਂ ਸੁਖਰਾਜ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ। Author: Malout Live