Malout News

ਸਰਬੱਤ ਸਿਹਤ ਬੀਮਾ ਯੋਜਨਾ ਦਾ ਘੇਰਾ ਹੋਵੇਗਾ ਵਿਸ਼ਾਲ, ਜੁੜਣਗੇ 4 ਲੱਖ ਹੋਰ ਲਾਭਪਾਤਰੀ-ਬਲਬੀਰ ਸਿੰਘ ਸਿੱਧੂ

ਮਲੋਟ:- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਸਰਕਾਰ ਲੋਕਾਂ ਨੂੰ ਸਰਬਤ ਸਿਹਤ ਬੀਮਾ ਯੋਜਨਾ ਰਾਹੀਂ 46 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੇੇ ਨਗਦੀ ਰਹਿਤ ਇਲਾਜ ਦੀ ਸਹੁਲਤ ਮੁਹਈਆ ਕਰਵਾ ਰਹੀ ਹੈ ਅਤੇ ਜਲਦ ਹੀ ਇਸ ਯੋਜਨਾ ਦੇ ਘੇਰੇ ਵਿਚ 4 ਲੱਖ ਹੋਰ ਪਰਿਵਾਰ ਲਿਆਂਦੇ ਜਾ ਰਹੇ ਹਨ। ਮਲੋਟ ਦੇ ਸਿਵਲ ਹਸਪਤਾਲ ਦੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਇਹ ਗੱਲ ਆਖੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਾਜ ਵਿਚ ਹੁਣ ਤੱਕ 40 ਹਜਾਰ ਤੋਂ ਵੱਧ ਲੋਕ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਸਕੀਮ ਦੇ ਲਾਭਪਾਤਰੀ ਕਾਮਨ ਸਰਵਿਸ ਸੈਂਟਰਾਂ, ਸਰਕਾਰੀ ਹਸਪਤਾਲਾਂ ਜਾਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਤੋਂ ਇਸ ਸਕੀਮ ਦਾ ਕਾਰਡ ਬਣਵਾ ਲੈਣ ਤਾਂ ਜੋ ਉਨ੍ਹਾਂ ਨੂੰ ਸਕੀਮ ਤਹਿਤ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੁਲਤ ਮਿਲ ਸਕੇ। ਇਕ ਹੋਰ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਲੋਕਾਂ ਤੱਕ ਇਲਾਜ ਸਹੁਲਤਾਂ ਦੀ ਪਹੁੰਚ ਯਕੀਨੀ ਬਣਾਉਣ ਲਈ 2930 ਵੈਲਨੇਸ ਕੇਂਦਰ ਸਥਾਪਿਤ ਕਰਨ ਜਾ ਰਹੀ ਹੈ ਜਿਸ ਵਿਚੋਂ 800 ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਇਹ ਵੈਲਨੇਸ ਕੇਂਦਰ ਸਥਾਪਿਤ ਕਰਨ ਦੇ 2023 ਤੱਕ ਦੇ ਟੀਚੇ ਦੇ ਮੁਕਾਬਲੇ 2021 ਤੱਕ ਹੀ ਇਹ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ। ਇਸ ਤਹਿਤ ਸਰਕਾਰ ਨੇ ਬੀਤੇ ਦਿਨੀਂ ਹੀ 519 ਕਮਿਊਨਿਟੀ ਹੈਲਥ ਅਫ਼ਸਰਾਂ ਦੀ ਨਿਯੁਕਤੀ ਵੀ ਕੀਤੀ ਹੈ। ਇਸੇ ਤਰਾਂ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਸਬੰਧੀ ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਵੀਂ ਭਰਤੀ ਹੋਣ ਵਾਲੇ ਡਾਕਟਰਾਂ ਲਈ ਵਧੇਰੇ ਤਨਖਾਹਾਂ ਦੀ ਪੇਸ਼ਕੇਸ ਕੀਤੀ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਕਲੀਨਿਕ ਇਸਟੇਬਲਿਸਮੈਂਟ ਐਕਟ ਲਿਆਉਣਾ ਸੂਬਾ ਸਰਕਾਰ ਦੇ ਵਿਚਾਰਧੀਨ ਹੈ। ਇਸ ਤਹਿਤ ਲੋਕਾਂ ਨੂੰ ਨਿੱਜੀ ਖੇਤਰ ਰਾਹੀਂ ਵੀ ਚੰਗੀਆਂ ਅਤੇ ਸਸਤੀਆਂ ਸਿਹਤ ਸਹੁਲਤਾਂ ਮਿਲਣੀਆਂ ਸੰਭਵ ਹੋ ਸਕਣਗੀਆਂ।
ਸ: ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ 136 ਪ੍ਰਕਾਰ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਹਸਪਤਾਲਾਂ ਵਿਚ ਦਵਾਈਆਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਮਲੋਟ ਦੇ ਸਿਵਲ ਹਸਪਤਾਲ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਵੀ ਜਲਦ ਸ਼ੁਰੂ ਕਰਨ ਦੀ ਗੱਲ ਇਸ ਮੌਕੇ ਆਖੀ।
ਇਕ ਹੋਰ ਸਵਾਲ ਦੇ ਜਵਾਬ ਵਿਚ ਸ: ਸਿੱਧੂ ਨੇ ਕਿਹਾ ਕਿ ਮਿਲਾਵਟਖੋਰੀ ਖਿਲਾਫ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬਾ ਸਰਕਾਰ ਦੀ ਮੁਹਿੰਮ ਜਾਰੀ ਰਹੇਗੀ।ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਮੋਬਾਇਲ ਫੂਡ ਟੈਸਟਿੰਗ ਲੈਬੋਰਟਰੀ ਚਲਾਈ ਜਾ ਰਹੀ ਹੈ ਜਿਸ ਨਾਲ ਮੌਕੇ ਤੇ ਹੀ ਭੋਜਨ ਪਦਾਰਥਾਂ ਦੀ ਜਾਂਚ ਤੋਂ ਬਾਅਦ ਜੇਕਰ ਕੋਈ ਮਿਲਾਵਟ ਪਾਈ ਜਾਵੇਗੀ ਤਾਂ ਮੌਕੇ ਤੇ ਹੀ ਕਾਰਵਾਈ ਕੀਤੀ ਜਾ ਸਕੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਅਮਨਪੀ੍ਰਤ ਸਿੰਘ ਭੱਟੀ, ਐਸ.ਡੀ.ਐਮ. ਸ: ਗੋਪਾਲ ਸਿੰਘ, ਸਿਵਲ ਸਰਜਨ ਡਾ: ਨਵਦੀਪ ਸਿੰਘ, ਨੱਥੂ ਰਾਮ ਗਾਂਧੀ, ਮਾਸਟਰ ਜ਼ਸਪਾਲ ਸਿੰਘ, ਸਰਬਜੀਤ ਸਿੰਘ ਕਾਕਾ ਬਰਾੜ, ਭੁਪਿੰਦਰ ਸਿੰਘ ਰਾਮਨਗਰ, ਬਲਕਾਰ ਸਿੰਘ ਔਲਖ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

Back to top button