ਭਲਾਈ ਕੇਂਦਰ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ 13 ਲੜਕੀਆਂ ਦੇ ਵਿਆਹ ਕੀਤੇ

ਮਲੋਟ:- ਭਲਾਈ ਕੇਂਦਰ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਛਾਪਿਆਂਵਾਲੀ ਵਿਖੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵਾਂ ਸਲਾਨਾ ਸਮਾਗਮ ਕਰਵਾਇਆ ਗਿਆ, ਜਿਸ ਮੌਕੇ ਪੰਥ ਪ੍ਰਸਿੱਧ ਮਹਾਂਪੁਰਖਾਂ ਨੇ ਸ਼ਿਰਕਤ ਕਰਦਿਆਂ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਸਵੇਰ ਦੇ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ 18ਐਫ ਰਾਜਸਥਾਨ ਤੋਂ ਆਏ ਸੰਤ ਬਾਬਾ ਗੁਰਪਾਲ ਸਿੰਘ, ਬਾਬਾ ਬਲਬੀਰ ਸਿੰਘ ਪਟਿਆਲੇ ਵਾਲੇ, ਬਾਬਾ ਅਵਤਾਰ ਸਿੰਘ ਜੀ ਮੁਖੀ ਦਲ ਬਾਬਾ ਬਿਧੀ ਚੰਦ ਅਤੇ ਬਾਬਾ ਬਲਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਆਦਿ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਬਾਬਾ ਨਾਨਕ ਵਲੋਂ ਦੱਸੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਤੇ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ , ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਹਰ ਸਾਲ ਕਰਵਾਏ ਜਾਂਦੇ ਵਿਆਹਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਇਸ ਸਾਲ 13 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਅਤੇ ਲੋੜੀਂਦਾ ਘਰੇਲੂ ਸਮਾਨ ਵੀ ਦਿੱਤਾ ਗਿਆ। ਸਮਾਗਮ ਦੇ ਅੰਤ ਵਿਚ ਸੁਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਨੇ ਪੁੱਜੇ ਸੰਤ ਮਹਾਂਪੁਰਖਾਂ ਅਤੇ ਪਤਵੰਤਿਆਂ ਸਮੇਤ ਵਿਸ਼ੇਸ਼ ਤੌਰ 'ਤੇ ਪਿੰਡ ਛਾਪਿਆਂਵਾਲੀ ਦੀ ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਦੀ ਸਫਲਤਾ ਆਪ ਸਭ ਦੇ ਸਹਿਯੋਗ ਸਦਕਾ ਹੀ ਹੁੰਦੀ ਹੈ। ਸਟੇਜ ਸਕੱਤਰ ਦੀ ਭੂਮਿਕਾ ਉੱਘੇ ਢਾਡੀ ਜਸਵਿੰਦਰ ਸਿੰਘ ਜੋਸ਼ ਅਬੁਲ ਖੁਰਾਣਾ ਨੇ ਬਾਖ਼ੂਬੀ ਨਿਭਾਈ। ਇਸ ਪ੍ਰੋਗਰਾਮ ਨੂੰ ਪੰਡਿਤ ਸੰਦੀਪ ਕੁਮਾਰ ਜਿਉਰੀ, ਸੁਖਦੇਵ ਸਿੰਘ, ਮਾਸਟਰ ਹਿੰਮਤ ਸਿੰਘ, ਜੀ.ਓ.ਜੀ ਤਹਿਸੀਲ ਦੇ ਇੰਚਾਰਜ ਹਰਪ੍ਰੀਤ ਸਿੰਘ, ਪ੍ਰਬੰਧਕ ਹਰਮੇਸ਼ ਇੰਦਰ ਸਿੰਘ, ਮਲਕੀਤ ਸਿੰਘ ਮੱਲਣ ਢਾਡੀ ਜਥਾ, ਸਤਪਾਲ ਸਿੰਘ ਭੰਗਚੜੀ, ਗੁਰਨਾਮ ਸਿੰਘ ਬਾਬਾ ਬਿਧੀ ਚੰਦ, ਸੁਰਿੰਦਰ ਸਿੰਘ ਬੱਗਾ, ਬਲਵਿੰਦਰ ਸਿੰਘ ਬੱਲਾ, ਜੱਸਾ ਸਿੰਘ ਜੇ.ਈ., ਜਗੀਰ ਸਿੰਘ ਫ਼ੌਜੀ ਸਮੇਤ ਇਲਾਕੇ ਦੀਆਂ ਸੰਗਤਾਂ ਸਫਲ ਕਰਨ ਵਿਚ ਅਹਿਮ ਯੋਗਦਾਨ ਪਾਇਆ ।