ਕੱਲ੍ਹ ਮਲੋਟ ਪੁੱਲ ਥੱਲੇ ਮਨਾਇਆ ਜਾਵੇਗਾ ਮਜ਼ਦੂਰ ਦਿਵਸ
ਮਲੋਟ:- ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਿਸਨੂੰ ਮਈ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸਦੀ ਸ਼ੁਰੂਆਤ 1886 ਵਿੱਚ ਸ਼ਿਕਾਗੋ ਵਿੱਚ ਉਸ ਸਮੇਂ ਹੋਈ ਸੀ, ਜਦੋਂ ਮਜ਼ਦੂਰਾਂ ਤੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਮਜਦੂਰ ਇਕੱਠੇ ਹੋਕੇ ਮੰਗ ਕਰ ਰਹੇ ਸਨ ਕਿ ਇੱਕ ਦਿਹਾੜੀ ਵਿੱਚ ਕੰਮ ਦੇ 8 ਘੰਟੇ ਹੋਣ ਅਤੇ ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਹੋਵੇ। ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਬੰਬ ਚਲਾ ਦਿੱਤਾ ਅਤੇ ਬਾਅਦ ਵਿੱਚ ਪੁਲਿਸ ਫਾਈਰਿੰਗ ਵਿੱਚ ਕੁੱਝ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕੁੱਝ ਪੁਲਿਸ ਵਾਲੇ ਵੀ ਮਾਰੇ ਗਏ। ਇਸਤੋਂ ਬਾਅਦ 1889 ਵਿੱਚ ਪੈਰਿਸ ਵਿੱਚ ਅੰਤਰਰਾਸ਼ਟਰੀ ਮਹਾਂਸਭਾ ਦੀ ਦੂਜੀ ਬੈਠਕ ਵਿੱਚ ਫਰੈਂਚ ਕ੍ਰਾਂਤੀ ਨੂੰ ਯਾਦ ਕਰਦੇ ਹੋਏ ਇੱਕ ਪ੍ਰਸਤਾਵ ਪਾਰਿਤ ਕੀਤਾ ਗਿਆ ਕਿ ਇਸਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇ, ਉਸ ਸਮੇਂ ਤੋਂ ਹੀ ਦੁਨੀਆਂ ਦੇ 80 ਦੇਸ਼ਾਂ ਵਿੱਚ ਮਈ ਦਿਵਸ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕੀਤਾ ਗਿਆ ਅਤੇ ਇਸਨੂੰ ਰਾਸ਼ਟਰ ਪੱਧਰ ਤੇ ਮਨਾਇਆ ਜਾਣ ਲੱਗ ਪਿਆ। ਇਸੇ ਤਹਿਤ ਹੀ ਹੁਣ ਸਮੂਹ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸ਼ਹਿਰ ਮਲੋਟ ਰੇਲਵੇ ਪੁਲ ਦੇ ਹੇਠਾਂ 10 ਵਜੇ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ। ਸਮੂਹ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। Author : Malout Live