ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭੈ ਊਦੇ ਯੋਜਨਾ ਤਹਿਤ ਸੋਸ਼ਲ ਆਡਿਟ ਯੂਨਿਟ ਜਿਲ੍ਹਾ ਪੱਧਰ ਤੇ ਐਂਟਰੀ ਪੁਆਇੰਟ ਮੀਟਿੰਗ ਦਾ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾਇਰੈਕਟੋਰੇਟ, ਸੋਸ਼ਲ ਆਡਿਟ ਯੂਨਿਟ, ਪੰਜਾਬ, ਮੋਹਾਲੀ ਦੇ ਡਾਇਰੈਕਟਰ, ਕੈਪਟਨ ਪਿਊਸ਼ ਚੰਦਰ ਨੇ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭੈ ਊਦੇ ਦੇ ਕੰਪੋਨੈਂਟ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ ਚੁਣੇ ਗਏ ਪਿੰਡਾਂ ਦਾ ਸੋਸ਼ਲ ਆਡਿਟ ਦੀ ਕਾਰਵਾਈ ਆਰੰਭ ਕਰਨ ਸੰਬੰਧੀ ਜਿਲ੍ਹਾ ਪੱਧਰ ਤੇ ਐਂਟਰੀ ਪੁਆਇੰਟ ਸੰਬੰਧੀ ਮੀਟਿੰਗ ਕੀਤੀ ਗਈ। ਸ. ਜਗਮੋਹਨ ਸਿੰਘ ਮਾਨ ਜਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਨੇ ਦੱਸਿਆ ਕਿ 23 ਦਸੰਬਰ 2023 ਤੱਕ ਸੋਸ਼ਲ ਆਡਿਟ ਯੂਨਿਟ, ਪੰਜਾਬ, ਮੋਹਾਲੀ ਵੱਲੋਂ ਆਦਰਸ਼ ਗਰਾਮ ਯੋਜਨਾ ਤਹਿਤ ਚੁਣੇ ਗਏ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਅਤੇ ਚੱਕ ਜਵਾਹਰ ਸਿੰਘ ਵਾਲਾ ਬਲਾਕ ਮਲੋਟ ਦੇ ਪਿੰਡ ਰੱਥੜੀਆਂ ਦਾ ਸੋਸ਼ਲ ਆਡਿਟ ਕੀਤਾ ਜਾਣਾ ਹੈ।

ਉਹਨਾਂ ਦੱਸਿਆ ਕਿ ਸੰਬੰਧਿਤ ਪਿੰਡਾਂ ਦੇ ਪੰਚਾਇਤ ਸਕੱਤਰਾਂ ਅਤੇ ਸਰਪੰਚਾਂ ਨੂੰ ਪਿੰਡਾਂ ਵਿੱਚ ਗਰਾਮ ਸਭਾ ਆਯੋਜਿਤ ਕਰਨ ਅਤੇ ਸੋਸ਼ਲ ਆਡਿਟ ਟੀਮ ਨੂੰ ਸੋਸ਼ਲ ਆਡਿਟ ਦੇ ਕੰਮ ਵਿੱਚ ਪੂਰਨ ਸਹਿਯੋਗ ਕਰਨ ਲਈ ਪਾਬੰਦ ਕੀਤਾ ਗਿਆ। ਮੀਟਿੰਗ ਦੌਰਾਨ ਡਾਇਰੈਕਟੋਰੇਟ ਸੋਸ਼ਲ ਆਡਿਟ ਯੂਨਿਟ ਪੰਜਾਬ, ਮੋਹਾਲੀ ਦੇ ਅਧਿਕਾਰੀ ਸ਼੍ਰੀ ਨਰਿੰਦਰ ਸਿੰਘ ਐੱਸ.ਏ.ਈ, ਸ਼੍ਰੀ ਗੁਰਜੰਟ ਸਿੰਘ ਐੱਸ.ਏ.ਈ, ਸੁਖਜੀਤ ਸਿੰਘ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਜਸਵੰਤ ਸਿਘ ਬੀ.ਡੀ.ਪੀ.ਓ ਮਲੋਟ ਤੋਂ ਇਲਾਵਾ ਸੰਬੰਧਿਤ ਪਿੰਡਾਂ ਦੇ ਸਰਪੰਚ ਪੰਚ ਅਤੇ ਪੰਚਾਇਤੀ ਸਕੱਤਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। Author: Malout Live