ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਆਯੂਸ਼ਮਾਨ ਕਾਰਡ ਬਣਵਾ ਕੇ ਇਨਾਮ ਜਿੱਤਣ ਵਾਲੀ ਸਕੀਮ ਦਾ ਪੰਜਾਬ ਸਰਕਾਰ ਵੱਲੋਂ 31 ਦਿਸੰਬਰ ਤੱਕ ਕੀਤਾ ਗਿਆ ਵਾਧਾ- ਡਾ. ਨਵਜੋਤ ਕੌਰ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸੰਬੰਧ ਵਿੱਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਰ ਇੱਕ ਲਾਭਪਾਤਰੀ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਇਹ ਮੁਫਤ ਸਹੂਲਤ ਪ੍ਰਾਪਤ ਕਰਨ ਲਈ ਆਯੁਸ਼ਮਾਨ ਕਾਰਡ ਬਣਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਵਾਸੀਆਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਜੋੜਨ ਲਈ ਨਵੇਕਲੀ ਪਹਿਲ ਕਰਦੇ ਹੋਏ ਲਾਭਪਾਤਰੀਆਂ ਦੇ ਕਾਰਡ ਬਣਾਉਣ ਵਿਚ ਵਾਧਾ ਕਰਨ ਦੇ ਮਕਸਦ ਨਾਲ ਇਕ ਬੰਪਰ ਡਰਾਅ ਕੱਢਿਆ ਜਾ ਰਿਹਾ ਹੈ। ਇਸ ਡਰਾਅ ਤਹਿਤ 31 ਦਸੰਬਰ 2023 ਤੱਕ ਆਪਣਾ ਆਯੂਸ਼ਮਾਨ ਕਾਰਡ ਬਣਵਾਉਣ ਵਾਲੇ ਸਾਰੇ ਲਾਭਪਾਤਰੀਆਂ ਵਿੱਚੋਂ 10 ਲੋਕਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ।
ਜਿਸ ਵਿੱਚ ਪਹਿਲਾ ਇਨਾਮ ਇਕ ਲੱਖ ਰੁਪਏ, ਦੂਜਾ ਇਨਾਮ ਪੰਜਾਹ ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾਂ ਇਨਾਮ ਅੱਠ ਹਜ਼ਾਰ ਰੁਪਏ ਅਤੇ 6ਵੇਂ ਤੋ 10ਵੇਂ ਇਨਾਮ ਤੱਕ ਸਾਰੇ ਜੇਤੂਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦਿੱਤੇ ਜਾਣਗੇ। ਇਨ੍ਹਾਂ ਕਾਰਡਾਂ ਦੇ ਲਾਭਪਾਤਰੀਆਂ ਸ਼੍ਰੇਣੀਆਂ ਵਿੱਚ ਐੱਨ.ਐੱਫ.ਐੱਸ.ਏ ਰਾਸ਼ਨ ਕਾਰਡ ਧਾਰਕ, ਜੇ ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਰਜਿਸਟਰਡ ਛੋਟੇ ਵਪਾਰੀ, ਪੀਲੇ ਕਾਰਡ ਧਾਰਕ, ਪੱਤਰਕਾਰ ਅਤੇ ਐੱਸ.ਈ.ਸੀ.ਸੀ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਡ ਵੈੱਬਸਾਈਟ https://beneificary.nha.gov.in ਅਤੇ Ayushman App ਦੇ ਰਾਹੀਂ ਖੁੱਦ ਵੀ ਘਰ ਬੈਠੇ ਬਣਾਇਆ ਜਾ ਸਕਦਾ ਹੈ ਜਾਂ ਨਜ਼ਦੀਕੀ ਆਸ਼ਾ ਵਰਕਰਾਂ ਅਤੇ ਸੂਚੀਬੱਧ ਹਸਪਤਾਲਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਵੈੱਬਸਾਈਟ www.sha.punjab.gov.in ਤੋਂ ਅਤੇ ਹੈਲਪਲਾਈਨ ਨੰਬਰ 14555 ਡਾਇਲ ਕਰਕੇ ਲਈ ਜਾ ਸਕਦੀ ਹੈ।