ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸੀ.ਆਰ.ਐਮ ਸਕੀਮ ਅਧੀਨ ਖੇਤੀ ਮਸ਼ੀਨਰੀ/ਸੰਦਾਂ ਦਾ ਡਰਾਅ ਕੱਢਿਆ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੀ.ਆਰ.ਐਮ ਸਕੀਮ ਸਾਲ 2024-25 ਅਧੀਨ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਵੱਲੋਂ ਖੇਤੀ ਮਸ਼ੀਨਰੀ ਉਪਦਾਨ ਤੇ ਲੈਣ ਲਈ ਆਨਲਾਈਨ ਦਰਖਾਸਤਾਂ ਅਪਲਾਈ ਕੀਤੀਆਂ ਗਈਆਂ ਸਨ। ਇਹਨਾਂ ਅਪਲਾਈ ਹੋਈਆਂ ਦਰਖਾਸਤਾਂ ਦਾ 3 ਵਾਰ ਕੰਪਿਊਟਰਾਈਜ਼ਡ ਰੈਡੇਮਾਈਜੇਸ਼ਨ ਸਿਸਟਮ ਰਾਹੀਂ ਸ੍ਰੀ ਹਰਪ੍ਰੀਤ ਸਿੰਘ ਸੂਦਨ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸਮੂਹ ਕਮੇਟੀ ਮੈਬਰਾਂ ਦੀ ਮੌਜੂਦਗੀ ਵਿੱਚ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਿਆ ਗਿਆ ਅਤੇ ਮੌਕੇ ਤੇ ਵੀਡਿਓਗ੍ਰਾਫੀ ਵੀ ਕਰਵਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸੁਝਾਅ ਦਿੱਤੇ ਗਏ ਕਿ ਇਹਨਾ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾ ਕਿਰਾਏ ਤੇ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਅੱਗ ਲੱਗਣ ਦੀ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਐਗਰੀ ਮਸ਼ੀਨਰੀ ਪੋਰਟਲ ਰਾਹੀ ਕਿਸਾਨਾਂ ਨੂੰ ਸੈਕਸ਼ਨ ਪੱਤਰ ਜਾਰੀ ਕਰ ਦਿੱਤੇ ਜਾਣਗੇ ਅਤੇ ਨਾਲ ਹੀ ਅਪੀਲ ਕੀਤੀ ਗਈ ਗਈ ਕਿ ਸੈਕਸ਼ਨ ਮਸ਼ੀਨਾਂ ਦੀ ਜਲਦ ਤੋਂ ਜਲਦ ਖਰੀਦ ਕਰ ਲਈ ਜਾਵੇ। ਇਸ ਸਕੀਮ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਵੱਲੋਂ ਅਪਲਾਈ ਹੋਈਆਂ ਦਰਖਾਸਤਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਨਿੱਜੀ ਕਿਸਾਨਾਂ ਵੱਲੋਂ 1125 ਦਰਖਾਸਤਾਂ ਅਪਲਾਈ ਹੋਈਆਂ ਸਨ, ਜਿੰਨ੍ਹਾਂ ਵਿੱਚੋਂ 82 ਕਿਸਾਨਾਂ ਪਿਛਲੇ 5 ਸਾਲਾਂ ਦੌਰਾਨ ਇਸ ਸਕੀਮ ਅਧੀਨ ਸਬਸਿਡੀ ਦਾ ਲਾਭ ਲੈ ਚੁੱਕੇ ਹਨ ਅਤੇ ਜਿੰਨ੍ਹਾਂ ਕਿਸਾਨਾਂ ਵੱਲੋਂ ਅਪਲਾਈ ਕਰਨ ਸਮੇਂ ਟੋਕਨ ਮਨੀ ਨਹੀ ਭਰੀ ਗਈ ਉਹਨਾਂ ਕੇਸਾਂ ਨੂੰ ਵੀ ਇਸ ਡਰਾਅ ਵਿੱਚ ਸ਼ਾਮਿਲ ਨਹੀ ਕੀਤਾ ਗਿਆ ਹੈ, ਬਾਕੀ ਰਹਿੰਦੇ 720 ਮਸ਼ੀਨਾ ਦਾ ਕੰਪਿਊਟਰਾਈਜਡ ਸਿਸਟਮ ਰਾਹੀ ਡਰਾਅ ਕੱਢ ਦਿੱਤਾ ਗਿਆ ਹੈ। Author : Malout Live