ਪੰਜਾਬ ਵਿੱਚ ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸਰਕਾਰ ਨੇ ਜਾਰੀ ਕੀਤੇ ਹੁਕਮ

ਮਲੋਟ (ਪੰਜਾਬ): ਪੰਜਾਬ 'ਚ ਲਾਟਰੀ ਸਿਸਟਮ ਦੀ ਆੜ 'ਚ ਲੱਕੀ ਡਰਾਅ ਸਕੀਮਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਸਕੀਮਾਂ ਨਾਲ 2 ਨੰਬਰ ਦੀ ਕਾਲੀ ਕਮਾਈ ਕਰਨ ਵਾਲਿਆਂ ਖਿਲਾਫ਼ ਡਾਇਰੈਟੋਰੇਟ ਆਫ਼ ਲਾਟਰੀ ਵਿਭਾਗ ਨੇ ਪੁਲਿਸ ਨੂੰ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਪੰਜਾਬ 'ਚ ਕਈ ਅਜਿਹੀਆਂ ਗੈਰ-ਕਾਨੂੰਨੀ ਲੱਕੀ ਡਰਾਅ ਸਕੀਮਾਂ ਚੱਲਦੀਆਂ ਹਨ, ਜਿਨ੍ਹਾਂ 'ਚ 100 ਤੋਂ ਲੈ ਕੇ 500 ਰੁਪਏ ਤੱਕ ਪ੍ਰਤੀ ਕੂਪਨ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਵੇਚਿਆ ਜਾਂਦਾ ਹੈ ਅਤੇ ਲੱਖਾਂ ਰੁਪਏ ਇਕੱਠੇ ਕਰ ਲਏ ਜਾਂਦੇ ਹਨ। ਇਸ ਲੱਕੀ ਡਰਾਅ ਕੂਪਨ 'ਚ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਸਿਰਫ 100 ਰੁਪਏ 'ਚ ਬੁਲਟ ਮੋਟਰਸਾਇਕਲ ਜਾਂ 500 ਰੁਪਏ 'ਚ ਲਗਜ਼ਰੀ ਕਾਰ, ਇੱਥੋਂ ਤੱਕ ਪੇਂਡੂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਟਰੈਕਟਰ ਤੱਕ ਸਕੀਮ 'ਚ ਸ਼ਾਮਿਲ ਕੀਤਾ ਜਾਂਦਾ ਹੈ। ਹੋਰ ਤਾਂ ਹੋਰ ਇਸ ਲੱਕੀ ਡਰਾਅ ਕੂਪਨ 'ਚ ਲੋਕਾਂ ਨੂੰ ਮਹਿੰਗੇ ਮੋਬਾਇਲ, ਐੱਲ. ਈ. ਡੀ. ਤੇ ਹੋਰ ਇਲੈਕਟ੍ਰੋਨਿਕ ਸਮਾਨ ਦਾ ਲਾਲਚ ਵੀ ਦਿੱਤਾ ਜਾਂਦਾ ਹੈ। ਇਸ ਕਾਰਨ ਇਹ ਸਕੀਮਾਂ ਚਲਾਉਣ ਵਾਲਿਆਂ ਦੇ ਹਜ਼ਾਰਾਂ ਕੂਪਨ ਵਿੱਕ ਜਾਂਦੇ ਹਨ, ਜਿਸ ਤੋਂ ਲੱਖਾਂ ਰੁਪਏ ਇਕੱਠੇ ਕਰ ਲਏ ਜਾਂਦੇ ਹਨ। ਇਹ ਸਕੀਮ ਚਲਾਉਣ ਵਾਲੇ ਕੂਪਨ ਵੇਚ ਕੇ ਜੇਕਰ 40 ਲੱਖ ਰੁਪਏ ਇਕੱਠੇ ਕਰਦੇ ਹਨ ਤਾਂ ਸਿਰਫ਼ 20 ਲੱਖ ਰੁਪਏ ਦੇ ਇਨਾਮ ਕੱਢੇ ਜਾਂਦੇ ਹਨ, ਜਦ ਕਿ ਬਾਕੀ ਦੇ 20 ਲੱਖ ਰੁਪਏ ਸਕੀਮ ਚਲਾਉਣ ਵਾਲੇ ਮਾਸਟਰ ਮਾਈਂਡ ਦੀ ਜੇਬ 'ਚ ਜਾਂਦਾ ਹੈ। ਇਸ 'ਤੇ ਨਾ ਕੋਈ ਟੈਕਸ ਅਤੇ ਨਾ ਹੀ ਪੰਜਾਬ ਸਰਕਾਰ ਤੋਂ ਕੋਈ ਪ੍ਰਵਾਨਗੀ ਲਈ ਜਾਂਦੀ ਹੈ। Author: Malout Live