ਸਾਊਦੀ ਅਰਬ ਵਿੱਚੋਂ ਜਾਨ ਬਚਾ ਕੇ ਆਏ ਵਿਅਕਤੀ ਨੇ ਡਾਕਟਰ ਓਬਰਾਏ ਦਾ ਕੀਤਾ ਧੰਨਵਾਦ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਬੇਰੁਜ਼ਗਾਰੀ ਦਾ ਭੰਨਿਆ ਹੋਇਆ ਵਸਨੀਕ ਬਲਵਿੰਦਰ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਹੋਇਆ ਸੀ। ਪ੍ਰੰਤੂ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਇਹ ਵਿਅਕਤੀ ਅਚਾਨਕ ਇਕ ਘਟਨਾਕ੍ਰਮ ਤੋਂ ਬਾਅਦ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾ ਪਹੁੰਚਿਆ। ਸਜ਼ਾ ਪੂਰੀ ਹੋਣ ਉਪਰੰਤ ਇਕ ਨਵਾਂ ਫ਼ਰਮਾਨ ਮਿਲਿਆ ਕਿ ਜਾਂ ਤਾਂ 2 ਕਰੋੜ ਬਲੱਡ ਮਣੀ ਦਿਉ ਜਾਂ ਸਿਰ ਕਲਮ ਕਰਵਾਉਣ ਲਈ ਤਿਆਰ ਹੋ ਜਾਉ। ਫੁਰਮਾਣ ਸੁਨਣ ਉਪਰੰਤ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੇ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ ਅਤੇ ਹੌਲੀ-ਹੌਲੀ ਰਕਮ ਇਕੱਠੀ ਹੋਣੀ ਸ਼ੁਰੂ ਹੋ ਗਈ। ਅਖੀਰ ਤੇ ਜਾ ਕੇ ਪਰਿਵਾਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਡਾਕਟਰ ਐੱਸ.ਪੀ ਸਿੰਘ ਉਬਰਾਏ ਤੱਕ ਪਹੁੰਚ ਕੀਤੀ ਗਈ ਅਤੇ ਉਨ੍ਹਾਂ ਨੇ ਵੀ 20 ਲੱਖ ਰੁਪਏ ਦੀ ਮਾਲੀ ਮੱਦਦ ਕੀਤੀ। ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅੱਜ ਟਰੱਸਟ ਦੀ ਸ਼੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਪਿੰਡ ਮੱਲਣ ਜਾ ਕੇ ਬਲਵਿੰਦਰ ਸਿੰਘ ਨੂੰ ਮਿਲਿਆ ਗਿਆ
ਅਤੇ ਇਸ ਉਪਰੰਤ ਬਲਵਿੰਦਰ ਸਿੰਘ ਵੱਲੋਂ ਡਾਕਟਰ ਐੱਸ.ਪੀ ਸਿੰਘ ਉਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਬਿਨ੍ਹਾਂ ਦੇਖਿਆਂ ਹੀ ਇਨੀਂ ਵੱਡੀ ਰਕਮ ਦੇ ਕੇ ਮੇਰੀ ਜਾਨ ਬਚਾਈ। ਉਸ ਵੱਲੋਂ ਹਰ ਕੋਸ਼ਿਸ਼ ਕਰਨ ਵਾਲੇ ਲੋਕਾਂ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਪੰਜਾਬੀ ਫ਼ਿਲਮਾਂ ਦੇ ਐਕਟਰ ਅਸ਼ੋਕ ਪੁਰੀ ਨੇ ਕਿਹਾ ਕਿ ਓਬਰਾਏ ਵੱਲੋਂ ਕੀਤਾ ਗਿਆ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਅਤੇ ਡਾਕਟਰ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਅਰਵਿੰਦਰ ਪਾਲ ਸਿੰਘ ਚਾਹਲ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ, ਗੁਰਪਾਲ ਸਿੰਘ ਪਾਲੀ, ਚਰਨਜੀਤ ਸਿੰਘ, ਸੁਖਬੀਰ ਸਿੰਘ, ਸੁਰਿੰਦਰ ਗਿਰਧਰ, ਪ੍ਰਮੁੱਖ ਸਮਾਜ ਸੇਵੀ ਅਤੇ ਟਾਕ ਕਸ਼ੱਤਰੀ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਨਿਰੰਜਨ ਸਿੰਘ ਰੱਖੜਾ, ਪਰਿਵਾਰਿਕ ਮੈਂਬਰ, ਪਿੰਡ ਵਾਸੀ ਆਦਿ ਹਾਜ਼ਿਰ ਸਨ। Author: Malout Live