ਪੀਣ ਵਾਲੇ ਪਾਣੀ ਨੂੰ ਤਰਸੇ ਪਿੰਡ ਬਸਾਲੀ ਦੇ ਲੋਕ
ਪਿੰਡ ਬਸਾਲੀ ਵਿਖੇ ਪੀਣ ਵਾਲੇ ਪਾਣੀ ਦੀ ਕਿੱਲਤ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਨੂੰ ਆ ਰਹੀ ਹੈ। ਇਸ ਸਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਪ੍ਰੇਸ਼ਾਨੀ ਹੈ ਕਿਉਂਕਿ ਪਿੰਡ ਵਿਚ ਪੀਣ ਲਈ ਪਾਣੀ ਨਹੀਂ ਆ ਰਿਹਾ। ਉਹ ਸਬੰਧਤ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਪਾਣੀ ਦੀ ਕਿੱਲਤ ਬਾਰੇ ਦੱਸ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ ਅਤੇ ਮਸਲਾ ਜਿਉਂ ਦਾ ਤਿਉਂ ਹੀ ਪਿਆ ਹੈ। ਪਿੰਡ ਦੇ ਲੋਕਾਂ ਨੇ ਆਖਿਆ ਕਿ ਉਨ੍ਹਾਂ ਨੂੰ ਪੀਣ ਦਾ ਪਾਣੀ ਲੈਣ ਲਈ ਘਰਾਂ ਤੋਂ ਕਾਫੀ ਦੂਰ ਜਾਣਾ ਪੈਂਦਾ ਹੈ। ਇਸ ਮੌਕੇ ਮਲਕੀਤ ਚੰਦ, ਓਂਕਾਰ ਸਿੰਘ, ਮਨੋਹਰ ਲਾਲ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ, ਦੀਪਕ ਕੁਮਾਰ, ਧਲਵਿੰਦਰ, ਨੱਥੂਰਾਮ, ਅਸ਼ੋਕ ਕੁਮਾਰ ਅਤੇ ਹੋਰ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਦਾ ਮਸਲਾ ਦੋ ਚਾਰ ਦਿਨਾਂ ਵਿਚ ਹੱਲ ਨਾ ਕੀਤਾ ਤਾਂ ਉਹ ਨੂਰਪੁਰਬੇਦੀ ਰੋਡ ਵਿਖੇ ਜਾਮ ਲਾਉਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।