ਖੇਤਾਂ ‘ਚ ਪਰਾਲੀ ਨੂੰ ਲੱਗੀ ਅੱਗ ਕਾਰਨ ਵਾਪਰਿਆ ਹਾਦਸਾ

ਸੰਗਰੂਰ:- ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਬਾਵਜੂਦ ਕਿਸਾਨ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਰਹੇ ਹਨ। ਇਸ ਦੌਰਾਨ ਖੇਤਾਂ ਵਿਚ ਖੜ੍ਹੀ ਪਰਾਲੀ ਨੂੰ ਸਾੜਨ ਦਾ ਦਸਤੂਰ ਸੂਬੇ ਦੇ ਸ਼ੁੱਧ ਵਾਤਾਵਰਣ ‘ਚ ਜ਼ਹਿਰ ਘੋਲ ਰਿਹਾ ਹੈ।ਇਸ ਦੌਰਾਨ ਸੰਗਰੂਰ ‘ਚ ਨਮੋਲ -ਲੋਂਗੋਵਾਲ ਸੜਕ ‘ਤੇ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਮੋਲ -ਲੋਂਗੋਵਾਲ ਰੋਡ ‘ਤੇ ਕਿਸੇ ਕਿਸਾਨ ਨੇ ਖੇਤਾਂ ‘ਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਇਸ ਦੌਰਾਨ ਇੱਕ ਗਰੀਬ ਪਰਿਵਾਰ ਸਮਾਨ ਵੇਚ ਕੇ ਮੋਟਰਸਾਈਕਲ ਰੇਹੜੀ ‘ਤੇ ਵਾਪਸ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਰੇਹੜੀ ਸਵਾਰ ਦੀਆਂ ਅੱਖਾਂ ‘ਚ ਧੂੰਆਂ ਪੈਣ ਕਾਰਨ ਮੋਟਰਸਾਈਕਲ ਰੇਹੜੀ ਅੱਗ ‘ਚ ਜਾ ਡਿੱਗੀ। ਜਿਸ ਕਾਰਨ ਮੋਟਰਸਾਈਕਲ ਸਵਾਰ ਰੇਹੜੀ ‘ਚ ਸਵਾਰ 6 ਲੋਕ ਸਵਾਰ ਸਨ। ਜਿਨ੍ਹਾਂ ‘ਚੋਂ ਇਕ ਔਰਤ ਤੇ ਉਸ ਦੇ 3 ਬੱਚੇ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਸੰਗਰੂਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਦੇ ਮੁਖੀ ਚਮਕੌਰ ਦਾਸ ਨੇ ਦੱਸਿਆ ਕਿ ਅੱਜ ਉਹ ਆਪਣੀ ਮੋਟਰ ਸਾਈਕਲ ਵਾਲੀ ਰੇਹੜੀ ‘ਤੇ ਪਿੰਡ ਨਮੋਲ ਤੋਂ ਫੇਰੀ ਲਾ ਕੇ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਵਾਪਸ ਲੌਂਗੋਵਾਲ ਪਰਤ ਰਿਹਾ ਸੀ।ਇਸ ਦੌਰਾਨ ਰਸਤੇ ਵਿਚ ਦੋਵੇਂ ਭੱਠਿਆਂ ਦੇ ਵਿਚਕਾਰ ਕਿਸੇ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ ਹੋਈ ਸੀ। ਜਿਸ ਦੇ ਧੂੰਏ ਦੇ ਚੱਲਦੇ ਉਸ ਨੂੰ ਕੁੱਝ ਦਿਖਾਈ ਨਹੀਂ ਦਿੱਤਾ। ਜਿਸ ਕਾਰਨ ਉਸ ਦੇ ਵਾਹਨ ਦਾ ਸੰਤੁਲਨ ਵਿਗੜ ਗਿਆ ਤੇ ਉਹ ਆਪਣੀ ਮੋਟਰਸਾਈਕਲ ਰੇਹੜੀ ਸਮੇਤ ਅੱਗ ‘ਚ ਜਾ ਡਿੱਗਾ। ਉਸ ਦੇ ਨਾਲ ਉਸ ਦੀ ਪਤਨੀ ਸਕੀਨਾ ਕੌਰ ,ਪੁੱਤਰੀਆਂ ਸਿਮਰਨ ਕੌਰ (7 ਸਾਲ), ਮਨਪ੍ਰੀਤ ਕੌਰ (5 ਸਾਲ) ਅਤੇ ਪੁੱਤਰ ਲਵਪ੍ਰੀਤ ਸਿੰਘ (3 ਸਾਲ)ਅੱਗ ‘ਚ ਝੁਲਸ ਗਏ ਹਨ।