ਪੰਜਾਬ ’ਚ ਪਲਾਸਟਿਕ ਦੇ ਲਿਫਾਫਿਆਂ ’ਤੇ 2 ਅਕਤੂਬਰ ਤੋਂ ਲੱਗੇਗੀ ਪੂਰਨ ਪਾਬੰਦੀ
ਕੇਂਦਰ ਸਰਕਾਰ ਪਲਾਸਟਿਕ ਤੇ ਰੋਕ ਲਗਾਉਣ ਜਾ ਰਹੀ ਹੈ , ਜਿਸ ਨਾਲ ਰਾਜ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਆ ਰਹੇ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਸਾਮਾਨ ਦੀ ਆਮਦ ਬੰਦ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਲੋਕਾਂ ਅਤੇ ਸਥਾਨਕ ਸਰਕਾਰ ਦੇ ਵਿਭਾਗਾਂ ਨੂੰ ਦੇਸ਼ ਨੂੰ ਪਲਾਸਟਿਕ ਤੋਂ ਪੂਰਨ ਤੌਰ ’ਤੇ ਮੁਕਤ ਕਰਨ ਦਾ ਸੱਦਾ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਪੰਜਾਬ ਵਿਚ ਜਨਵਰੀ 2016 ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਗਈ ਸੀ ਪਰ ਜ਼ਿਆਦਾਤਰ ਰਾਜਾਂ ਵਿਚ ਧੜੱਲੇ ਨਾਲ ਪਲਾਸਟਿਕ ਦੇ ਲਿਫਾਫੇ ਅਤੇ ਇਕ ਵਾਰ ਵਰਤੋਂ ਵਿਚ ਆਉਣ ਵਾਲੀਆਂ ਪਲਾਸਟਿਕ ਦੀਆਂ ਕੌਲੀਆਂ, ਚਮਚਿਆਂ ’ਤੇ ਹੁਣ ਬਿਲਕੁੱਲ ਪਾਬੰਦੀ ਲੱਗ ਜਾਵੇਗੀ। ਇਸ ਮਾਮਲੇ ਵਿਚ ਹੁਣ ਕੇਂਦਰ ਸਰਕਾਰ ਕਾਨੂੰਨ ਬਣਾ ਕੇ 2 ਅਕਤੂਬਰ ਤੋਂ ਲਿਫਾਫੇ ਅਤੇ ਹੋਰ ਸਾਮਾਨ ਬਣਾਉਣੇ ਬੰਦ ਕਰ ਦੇਵੇਗੀ। ਪੰਜਾਬ ਵਿਚ ਇਸ ਵੇਲੇ 4 ਤੋਂ 5 ਟਨ ਦਿੱਲੀ, ਗੁਜਰਾਤ ਅਤੇ ਹੋਰ ਰਾਜਾਂ ਤੋਂ ਪਲਾਸਟਿਕ ਦੇ ਪਤਲੇ ਲਿਫਾਫੇ ਆ ਰਹੇ ਹਨ। ਸੂਬੇ ਵਿਚ ਤੰਦਰੁਸਤ ਮਿਸ਼ਨ ਵਲੋਂ ਪਲਾਸਟਿਕ ਦੇ ਲਿਫਾਫੇ ਬਰਾਮਦ ਕਰਨ ਲਈ ਵੱਡੇ ਪੱਧਰ ’ਤੇ ਛਾਪੇਮਰੀ ਕੀਤੀ ਗਈ ਅਤੇ ਕੁੱਝ ਮਹੀਨਿਆਂ ਵਿਚ ਕਰੀਬ 5000 ਕੁਇੰਟਲ ਪਲਾਸਟਿਕ ਦੇ ਲਿਫਾਫੇ ਫੜੇ ਜਾ ਚੁੱਕੇ ਹਨ। ਬਰਾਮਦ ਕੀਤੇ ਲਿਫਾਫਿਆਂ ਵਿਚ ਹਜ਼ਾਰਾਂ ਕੁਇੰਟਲ ਤਾਂ ਅਜੇ ਵੀ ਕੁੱਝ ਨਿਗਮਾਂ, ਕਮੇਟੀਆਂ ਕੋਲ ਪਏ ਹਨ, ਜਿਨ੍ਹਾਂ ਨੇ ਅਜੇ ਤੱਕ ਇਨ੍ਹਾਂ ਲਿਫਾਫਿਆਂ ਦਾ ਕੋਈ ਫੈਸਲਾ ਨਹੀਂ ਕੀਤਾ।