ਟੋਏ ‘ਚ ਡਿੱਗ ਕੇ ਡੁੱਬਣ ਕਾਰਨ 3 ਬੱਚਿਆਂ ਦੀ ਮੌਤ

ਫਤਿਹਗੜ੍ਹ ਸਾਹਿਬ:- ਪਿੰਡ ਖੋਜੇ ਮਾਜਰਾ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਤਿੰਨੋਂ ਬੱਚੇ ਕਿਸੇ ਖੱਡੇ ਵਿੱਚ ਡਿੱਗ ਗਏ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਬੀਤੀ ਦੇਰ ਸ਼ਾਮ ਕਰੀਬ ਸਾਢੇ 7 ਵਜੇ ਵਾਪਰਿਆ ਹੈ। ਬੱਚੇ ਸਕੇ ਭਰਾ ਸਨ। ਹਾਦਸੇ ਬਾਅਦ ਤਿੰਨਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਤਿੰਨਾਂ ਬੱਚਿਆਂ ਦੀ ਪਛਾਣ ਲਵਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ ਤੇ ਜਸ਼ਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਚੌਥੀ, ਦੂਜਾ ਪੰਜਵੀਂ ਤੇ ਤੀਜਾ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਿੱਚ ਵੱਡਾ ਖੱਡਾ ਪੁੱਟਿਆ ਹੋਇਆ ਹੈ, ਜਿਸ ਵਿੱਚ ਡਿੱਗ ਕੇ ਉਨ੍ਹਾਂ ਦੇ ਬੱਚਿਆਂ ਦੀ ਮੌਤ ਹੋਈ ਹੈ। ਉਨ੍ਹਾਂ ਇਸ ਨੂੰ ਵੱਡੀ ਲਾਪਰਵਾਹੀ ਦੱਸਿਆ ਹੈ। ਪਰਿਵਾਰ ਨੇ ਖੱਡਾ ਪੁੱਟਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।