ਅਸਮਾਨੀ ਬਿਜਲੀ ਡਿੱਗਣ ਨਾਲ 36 ਲੋਕਾਂ ਦੀ ਮੌਤ, 40 ਜ਼ਖ਼ਮੀ

ਉੱਤਰ ਪ੍ਰਦੇਸ਼ ਵਿੱਚ ਐਤਵਾਰ ਰਾਤ ਅਸਮਾਨੀ ਬਿਜਲੀ ਡਿੱਗਣ ਨਾਲ 36 ਲੋਕਾਂ ਦੀ ਮੌਤ ਹੋ ਗਈ। ਇਹ ਮੌਤਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਈਆਂ ਹਨ । ਇਸ ਤੋਂ ਇਲਾਵਾ 13 ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਾਨਪੁਰ ਤੇ ਫਤਹਿਪੁਰ ਵਿੱਚ ਸਭ ਤੋਂ ਜ਼ਿਆਦਾ 7-7 ਮੌਤਾਂ ਹੋਈਆਂ ਹਨ ।

ਰਾਜਸਥਾਨ ਦੇ ਝਾਲਾਵਾੜ ਵਿੱਚ ਵੀ ਮਹਿਲਾ ਸਮੇਤ ਚਾਰ ਜਣਿਆਂ ਦੀ ਜਾਨ ਚਲੀ ਗਈ ਹੈ । ਜ਼ਿਲ੍ਹਾ ਪਾਲੀ ਵਿੱਚ 27 ਮਜ਼ਦੂਰ ਜ਼ਖ਼ਮੀ ਹੋ ਗਏ ਹਨ । ਇਹ ਲੋਕ ਐਤਵਾਰ ਨੂੰ ਬਾਰਸ਼ ਤੋਂ ਬਚਣ ਲਈ ਇੱਕ ਰੁੱਖ ਹੇਠਾਂ ਖੜੇ ਸੀ ਤੇ ਇਨ੍ਹਾਂ 'ਤੇ ਅਸਮਾਨੀ ਬਿਜਲੀ ਡਿੱਗ ਗਈ, ਜਿਸ ਕਾਰਨ ਇਹ ਅਸਮਾਨੀ ਬਿਜਲੀ ਦੀ ਲਪੇਟ ਵਿੱਚ ਆ ਗਏ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੁਦਰਤੀ ਆਫ਼ਤ 'ਤੇ ਦੁੱਖ ਜਤਾਇਆ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਆਰਥਕ ਮਦਦ ਦੇਣ ਦਾ ਐਲਾਨ ਕੀਤਾ ਹੈ।