ਇਸਰੋ ਨੇ ਚੰਦਰਯਾਨ-2 ਦੀ ਰਿਹਰਸਲ ਕੀਤੀ ਪੂਰੀ, ਹੁਣ ਭਲਕੇ ਹੋਏਗੀ ਲਾਂਚਿੰਗ
ਇਸਰੋ ਨੇ ਚੰਦਰਯਾਦ-2 ਦੀ ਲਾਂਚ ਰਿਹਰਸਲ ਕੀਤੀ ਪੂਰੀ ਕਰ ਲਈ ਹੈ। ਭਾਰਤ ਦਾ ਦੂਜਾ ਮੂਨ ਮਿਸ਼ਨ 22 ਜੁਲਾਈ ਨੂੰ ਦੁਪਹਿਰ 2:43 'ਤੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਹੋਏਗਾ। ਇਸੇ ਵਿਚਾਲੇ ਇਸਰੋ ਦੇ ਸਾਬਕਾ ਮੁਖੀ ਏਐਸ ਕਿਰਨ ਕੁਮਾਰ ਨੇ ਕਿਹਾ ਹੈ ਕਿ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਲਾਂਚ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸਰੋ ਨੇ ਟਵਿੱਟਰ 'ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਵਿੱਚ ਕਿਹਾ ਗਿਆ ਹੈ ਕਿ ਜੀਐਸਐਲਵੀ ਐਮਕੇ-3ਐਮ1/ਚੰਦਰਯਾਨ-2 ਦੀ ਲਾਂਚ ਰਿਹਰਸਲ ਪੂਰੀ ਹੋ ਚੁੱਕੀ ਹੈ। ਇਸ ਦਾ ਪ੍ਰਦਰਸ਼ਨ ਆਮ ਹੈ। ਦੱਸ ਦੇਈਏ ਇਸ ਤੋਂ ਪਹਿਲਾਂ 15 ਜੁਲਾਈ ਨੂੰ ਰਾਤ ਨੂੰ ਮਿਸ਼ਨ ਦੀ ਸ਼ੁਰੂਆਤ ਤੋਂ ਕਰੀਬ 56 ਮਿੰਟ ਪਹਿਲਾਂ ਇਸਰੋ ਨੇ ਟਵੀਟ ਕਰਕੇ ਲਾਂਚਿੰਗ ਨੂੰ ਅੱਗੇ ਵਧਾਉਣ ਦਾ ਐਲਾਨ ਕਰ ਦਿੱਤਾ ਸੀ।
ਇਸਰੋ ਦੇ ਅਸਿਸਟੈਂਟ ਡਾਇਰੈਕਟਰ (ਪਬਲਿਕ ਰਿਲੇਸ਼ਨ) ਬੀਆਰ ਗੁਰੂਪ੍ਰਸਾਦ ਨੇ ਦੱਸਿਆ ਸੀ ਕਿ ਲਾਂਚਿੰਗ ਤੋਂ ਠੀਕ ਪਹਿਲਾਂ ਲਾਂਚਿੰਗ ਵ੍ਹੀਕਲ ਸਿਸਟਮ ਵਿੱਚ ਖਰਾਬੀ ਆ ਗਈ ਸੀ। ਇਸ ਕਰਕੇ ਚੰਦਰਯਾਨ-2 ਦੀ ਲਾਂਚਿੰਗ ਟਾਲ ਦਿੱਤੀ ਗਈ। ਖ਼ਾਸ ਗੱਲ ਇਹ ਹੈ ਕਿ ਲਾਂਚਿੰਗ ਦੀ ਤਾਰੀਖ਼ ਅੱਗੇ ਵਧਾਉਣ ਦੇ ਬਾਵਜੂਦ ਚੰਦਰਯਾਨ-2 ਚੰਦ 'ਤੇ 7 ਸਤੰਬਰ ਨੂੰ ਹੀ ਪਹੁੰਚੇਗਾ। ਇਸ ਸਮੇਂ 'ਤੇ ਪਹੁੰਚਣ ਦਾ ਮਕਸਦ ਇਹੀ ਹੈ ਕਿ ਲੈਂਡਰ ਤੇ ਰੋਵਰ 'ਤੇ ਤੈਅ ਸ਼ਡਿਊਲ ਦੇ ਹਿਸਾਬ ਨਾਲ ਕੰਮ ਕਰ ਸਕੇ।