ਦਿਨ-ਦਿਹਾੜੇ ਚੋਰਾਂ ਵੱਲੋਂ ਸੋਨੇ ਤੇ ਨਗਦੀ 'ਤੇ ਕੀਤਾ ਹੱਥ ਸਾਫ
ਗਿੱਦੜਬਾਹਾ: - ਗਿੱਦੜਬਾਹਾ ਦੇ ਭਾਰੂ ਚੌਕ ਵਿਖੇ ਸਥਿਤ ਇਕ ਘਰ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ ਨਗਦੀ ਅਤੇ ਸੋਨੇ 'ਤੇ ਹੱਥ ਸਾਫ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਸ ਘਟਨਾ ਦਾ ਪਰਿਵਾਰ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਘਰ ਵਾਪਸ ਆਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਜਸਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਘਰਵਾਲੀ ਦੇ ਨਾਲ ਉਸ ਦੀ ਦਵਾਈ ਲੈਣ ਗਿਆ ਸੀ। ਦੁਪਹਿਰ 2 ਕੁ ਵਜੇ ਜਦੋਂ ਉਹ ਘਰ ਆਏ ਤਾਂ ਵੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਅਣਪਛਾਤੇ ਚੋਰਾਂ ਨੇ ਘਰ 'ਚ ਦਾਖਿਲ ਹੋ 4 ਤੋਲੇ ਸੋਨੇ ਦੇ ਗਹਿਣੇ, 12 ਤੋਲੇ ਚਾਂਦੀ, 20 ਹਜ਼ਾਰ ਰੁਪਏ ਦੀ ਨਗਦੀ ਤੋਂ ਇਲਾਵਾ ਪਿੱਤਲ ਦੇ ਭਾਂਡੇ ਅਤੇ ਕੁਝ ਕੱਪੜੇ ਚੋਰੀ ਕਰ ਲਏ।
ਮਕਾਨ ਮਾਲਕ ਅਨੁਸਾਰ ਉਨ੍ਹਾਂ ਦੇ ਘਰ ਕੁਲ 1 ਲੱਖ 80 ਹਜ਼ਾਰ ਰੁਪਏ ਦੀ ਚੋਰੀ ਹੋਈ ਹੈ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਦਿਨ ਦਿਹਾੜੇ ਹੋਈ ਇਸ ਚੋਰੀ ਦੀ ਵਾਰਦਾਤ ਮਗਰੋਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਅਤੇ ਪੁਲਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ 4 ਦਿਨ ਪਹਿਲਾ ਵੀ ਸ਼ਹਿਰ ਦੇ ਪਿਓਰੀ ਰੋਡ 'ਤੇ ਸਥਿਤ 1 ਘਰ 'ਚ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਨ੍ਹਾਂ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ।