ਮੱਛੀ ਪਾਲਣ ਵਿਭਾਗ ਦੀ ਜਿਲਾ ਪੱਧਰੀ ਮੀਟਿੰਗ ਹੋਈ ਸੰਪੰਨ, 17 ਫਰਵਰੀ ਨੂੰ ਝੀਂਗਾ ਫਾਰਮ ਤੇ ਆਯੋਜਿਤ ਕੀਤਾ ਜਾਵੇਗਾ ਰਾਜ ਪੱਧਰੀ ਸੈਮੀਨਾਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮੱਛੀ ਪਾਲਣ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾਂ ਤਹਿਤ ਸਾਲ 2023-24 ਲਈ ਤਜਵੀਜ਼ ਕੀਤੇ 781.50 ਲੱਖ ਰੁਪਏ ਦੇ ਪ੍ਰੋਜੈਕਟਾਂ ਸੰਬੰਧੀ ਐਕਸ਼ਨ ਪਲਾਨ ਪ੍ਰਵਾਨ ਕਰਵਾਉਣ ਲਈ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੱਛੀ ਪਾਲਣ ਸੰਬੰਧੀ ਵੱਖ-ਵੱਖ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਗਈ। ਸਾਲ 2016-17 ਵਿੱਚ ਜਿੱਥੇ ਜਿਲ੍ਹੇ ਵਿੱਚ 1 ਏਕੜ ਰਕਬੇ ਵਿੱਚ ਝੀਂਗਾ ਪਾਲਣ ਦੀ ਸ਼ੁਰੂਆਤ ਕੀਤੀ ਗਈ, ਉੱਥੇ ਹੀ ਇਹ ਰਕਬਾ ਸਾਲ 2022-23 ਤੱਕ 600 ਏਕੜ ਦੇ ਕਰੀਬ ਪਹੁੰਚ ਚੁੱਕਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਝੀਂਗਾ ਪਾਲਣ ਅਧੀਨ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਵਿਭਾਗ ਵੱਲੋਂ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਇਸ ਸਾਲ ਕਿਸਾਨਾਂ ਨੂੰ ਮੱਛੀ ਅਤੇ ਝੀਂਗਾ ਪਾਲਣ ਦੀਆਂ ਰਿਵਾਇਤੀ ਤਕਨੀਕਾਂ ਦੇ ਨਾਲ-ਨਾਲ ਨਵੀਆਂ ਤਕਨੀਕਾਂ ਜਿਵੇ ਰੀਸਰਕੂਲੇਟਰੀ ਐਕਵਾਕਲਚਰ ਸਿਸਟਮ (ਆਰ.ਏ.ਐੱਸ) ਅਤੇ ਬਾਇਓਫਲਾਕ ਕਲਚਰ ਸਿਸਟਮ ਨਾਲ ਜੁੜਨ ਦੀ ਸਲਾਹ ਦਿੱਤੀ।

ਇਸ ਤੋਂ ਬਿਨਾਂ ਪੋਸਟ ਹਾਰਵੈਸਟ ਮੈਨੇਜਮੈਂਟ ਅਧੀਨ ਤਾਜ਼ਾ ਮੱਛੀ/ਝੀਂਗੇ ਦੀ ਸੇਲ ਲਈ ਸਬਸਿਡੀ ਤੇ ਮਿਲਣ ਵਾਲੇ ਵਾਹਨਾਂ ਜਿਵੇ ਕਿ ਸਕੂਟਰੀ, ਮੋਟਰਸਾਇਕਲ, ਈ-ਰਿਕਸ਼ਾ, ਰੈਫਰੀਜਰੇਟਡ ਵਹੀਕਲ ਆਦਿ ਦੀ ਖਰੀਦ ਕਰਕੇ ਆਪਣੇ ਲਈ ਸਵੈ-ਰੋਜ਼ਗਾਰ ਦੇ ਮੌਕੇ ਵਧਾਉਣ ਦੀ ਅਪੀਲ ਕੀਤੀ। ਸਾਲ 2022-23 ਦੇ ਝੀਂਗਾ ਪਾਲਕਾਂ ਨੂੰ ਵਿੱਤੀ ਸਹਾਇਤਾ ਦੇ ਤੌਰ ਤੇ ਲਗਭਗ 1.00 ਕਰੋੜ ਰਾਸ਼ੀ ਦੇ ਮਨਜੂਰੀ ਪੱਤਰਾਂ ਦੀ ਵੰਡ ਕੀਤੀ। ਪਿਛਲੇ ਸਾਲ ਦੌਰਾਨ ਝੀਂਗਾ ਵੇਚਣ ਸੰਬੰਧੀ ਝੀਂਗਾ ਪਾਲਕਾਂ ਨੂੰ ਆਈਆ ਮੁਸ਼ਕਿਲਾਂ ਦੇ ਹੱਲ ਲਈ ਜਿਲ੍ਹੇ ਵਿੱਚ ਉਸਾਰੀ ਅਧੀਨ ਕੋਲਡ ਸਟੋਰ/ਆਈਸ ਪਲਾਂਟ ਜਿਸ ਨੂੰ ਪਹਿਲਾਂ ਹੀ ਪ੍ਰਵਾਨ ਕੀਤਾ ਜਾ ਚੁੱਕਾ ਹੈ, ਇਸ ਸਾਲ ਤੋਂ ਚਾਲੂ ਕਰਨ ਦਾ ਭਰੋਸਾ ਦਿਵਾਇਆ। ਸਹਾਇਕ ਡਾਇਰੈਕਟਰ ਮੱਛੀ ਪਾਲਣ ਵੱਲੋਂ ਚੇਅਰਮੈਨ, ਸਮੂਹ ਜਿਲ੍ਹਾ ਪੱਧਰੀ ਕਮੇਟੀ ਮੈਂਬਰ ਸਾਹਿਬਾਨਾਂ ਅਤੇ ਝੀਂਗਾ ਪਾਲਣ ਕਿੱਤੇ ਨਾਲ ਜੁੜੇ ਸਮੂਹ ਸੰਸਥਾਵਾਂ, ਕਾਸ਼ਤਕਾਰਾਂ ਅਤੇ ਵਪਾਰੀਆਂ ਨੂੰ 17 ਫਰਵਰੀ 2023 ਨੂੰ ਡੀ.ਐੱਫ.ਟੀ.ਸੀ. ਈਨਾਖੇੜਾ ਦਫਤਰ ਵਿਖੇ ਆਯੋਜਿਤ ਕੀਤੇ ਜਾ ਰਹੇ ਰਾਜ ਪੱਧਰੀ ਝੀਂਗਾ ਪਾਲਣ ਸੈਮੀਨਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸੱਦਾ ਦਿੱਤਾ। Author: Malout Live