ਤਹਿਸੀਲ ਅਤੇ ਜਿਲ੍ਹਾ ਪੱਧਰ ਤੇ ਸਰਕਾਰ ਦੇ ਅਰਥੀ ਫੂਕ-ਮੁਜ਼ਾਹਰੇ ਕਰਕੇ ਕਾਲੇ ਕਾਨੂੰਨ "ਐਸਮਾ" ਦਾ ਪੰਜਾਬ ਭਰ ਵਿੱਚ ਕੀਤਾ ਗਿਆ ਤਿੱਖਾ ਵਿਰੋਧ
ਮਲੋਟ: ਪੰਜਾਬ ਸਰਕਾਰ ਵੱਲੋਂ ਸਮੂਹ ਮਿਹਨਤਕਸ਼ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਦੀ ਨੀਅਤ ਨਾਲ਼ ਲਾਗੂ ਕੀਤੇ ਕਾਲੇ ਕਾਨੂੰਨ "ਐਸਮਾ" ਖਿਲਾਫ਼ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਅੱਜ ਸਮੁੱਚੇ ਪੰਜਾਬ ਵਿੱਚ ਤਹਿਸੀਲ ਅਤੇ ਜਿਲ੍ਹਾ ਪੱਧਰ ਤੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਰੋਸ ਮੁਜ਼ਾਹਰੇ ਕਰਕੇ ਰੋਸ ਜਤਾਇਆ ਗਿਆ ਅਤੇ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ, ਇਸ ਸਮੇਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਿਸ਼ਨ ਸਿੰਘ ਔਲਖ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂਆਂ ਡਿਵੀਜਨ ਪ੍ਰਧਾਨ ਰਣਜੀਤ ਸਿੰਘ, ਟੀ.ਐੱਸ.ਯੂ ਭੰਗਲ ਪ੍ਰਧਾਨ ਭੁਪਿੰਦਰ ਸਿੰਘ, ਬਿੱਕਰ ਸਿੰਘ ਬਠਿੰਡਾ ਥਰਮਲ ਤੋਂ ਸਾਥੀ ਰਮੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਰੈਗੂਲਰ, ਆਊਟਸੋਰਸਡ/ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਸਮੇਤ ਸਮੂਹ ਮਿਹਨਤਕਸ਼ ਤਬਕਾ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਮਾਰ ਤੋਂ ਨਹੀਂ ਬਚਿਆ, ਇਹ ਸਾਰੇ ਹੀ ਹਿੱਸੇ ਕਾਰਪੋਰੇਟ-ਪੱਖੀ ਲੁੱਟ ਅਤੇ ਮੁਨਾਫ਼ੇ ਦੀਆ ਲੋੜਾਂ ਵਿੱਚੋਂ ਤਹਿ ਕੀਤੀਆਂ ਨੀਤੀਆਂ ਦੀ ਬੇਰਹਿਮ ਮਾਰ ਦਾ
ਸੇਕ ਹੰਢਾ ਰਹੇ ਹਨ। ਪੱਕੇ ਕੰਮ ਖੇਤਰ ਵਿੱਚ ਪੱਕੇ ਰੋਜ਼ਗਾਰ ਦੀ ਨੀਤੀ ਨੂੰ ਰੱਦ ਕਰਕੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਤਨਖਾਹ ਕਾਨੂੰਨ ਵਿੱਚ ਸੋਧ ਕਰਕੇ ਮੁਨਾਫ਼ੇ ਨੂੰ ਮੁੱਖ ਰੱਖਕੇ ਤਹਿ ਨਿਗੁਣੀਆਂ ਉਜ਼ਰਤਾਂ ਲਾਗੂ ਕਰਕੇ ਠੇਕਾ ਮੁਲਾਜ਼ਮਾਂ ਦੀ ਬੇਰਹਿਮ ਲੁੱਟ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੱਕੀ ਭਰਤੀ ਤੇ ਪਾਬੰਦੀ ਲਗਾ ਕੇ ਪਰਖ਼ ਕਾਲ ਨੂੰ ਲੁੱਟ ਦੀ ਲੋੜ ਮੁਤਾਬਿਕ ਲੰਮਾ ਕਰਕੇ ਉੱਚ ਯੋਗਤਾ ਰੱਖਦੇ ਮੁਲਾਜ਼ਮਾਂ ਨੂੰ ਹੇਠਲੇ ਅਹੁਦਿਆਂ ਤੇ ਭਰਤੀ ਕਰਕੇ ਘੱਟ ਤਨਖਾਹ ਤੇ ਵਾਧੂ ਕੰਮ ਲੈਣ ਦੀ ਮੁਨਾਫ਼ੇ ਦੀ ਨੀਤੀ ਲਾਗੂ ਕੀਤੀ ਹੋਈ ਹੈ। ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਬਜਾਏ ਸਮੂਹ ਸਰਕਾਰੀ ਵਿਭਾਗਾਂ ਵਿੱਚ ਸੇਵਾ ਮੁਕਤ ਮੁਲਾਜ਼ਮਾਂ ਨੂੰ ਠੇਕੇ ਤੇ ਭਰਤੀ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਨੇ ਇਸ ਸੰਘਰਸ਼ ਤੋਂ ਸਬਕ ਲੈਕੇ ਕੋਈ ਹਾਂ ਪੱਖੀ ਹੁੰਗਾਰਾ ਨਾ ਭਰਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੇ ਘੇਰੇ ਨੂੰ ਹੋਰ ਵੀ ਵਿਸ਼ਾਲ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। Author: Malout Live