ਲੰਬੀ ਦੇ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ ਡੀ.ਜੇ ਬੰਦ ਕਰਵਾਉਣ ਨੂੰ ਲੈ ਕੇ ਹੋਏ ਝਗੜੇ ‘ਚ ਲਾੜੇ ਦੀ ਤਾਈ ਦੀ ਮੋਤ

ਮਲੋਟ: ਬੀਤੇ ਦਿਨ ਲੰਬੀ ਦੇ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ ਡੀ.ਜੇ ਬੰਦ ਕਰਵਾਉਣ ਨੂੰ ਲੈ ਕੇ ਹੋਏ ਝਗੜੇ ‘ਚ ਲਾੜੇ ਦੀ ਤਾਈ ਦੀ ਮੋਤ ਹੋ ਗਈ ਹੈ। ਇਸ ਝਗੜੇ ਵਿੱਚ ਚਾਰ ਲੋਕਾਂ ਨੂੰ ਸੱਟਾਂ ਲੱਗੀਆਂ ਸਨ। ਇਸ ਮਾਮਲੇ ਵਿੱਚ ਲੰਬੀ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਹਰਬੰਸ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਖੁੱਡੀਆਂ ਮਹਾਂ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਵਿਆਹ ਸੀ। ਵਿਆਹ ਦਾ ਪ੍ਰੋਗਰਾਮ ਖਤਮ ਹੋਣ ਤੇ ਡੀ.ਜੇ ਬੰਦ ਕਰਵਾ ਦਿੱਤਾ ਗਿਆ, ਇਸ ਗੱਲ ਤੇ ਗੁਆਂਡੀ ਆਏ ਅਤੇ ਡੀ.ਜੇ ਮੁੜ ਚਲਵਾ ਦਿੱਤਾ।

ਉਨ੍ਹਾਂ ਨੇ ਰਾਤ ਸਮੇਂ ਡੀ.ਜੇ ਬੰਦ ਕਰਨ ਲਈ ਕਿਹਾ ਤਾਂ ਨਛੱਤਰ ਸਿੰਘ, ਉਸ ਦੇ ਪੁੱਤਰ ਹਰਗੋਬਿੰਦ ਸਿੰਘ, ਰੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਦੋਸਤ ਗੁਰਪ੍ਰੀਤ ਸਿੰਘ ਅਤੇ ਅਰਜਨ ਸਿੰਘ ਨੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਹਮਲੇ ਵਿੱਚ ਉਸ ਦੀ ਮਾਤਾ ਗੁਰਮੇਲ ਕੌਰ ਦੀ ਮੋਤ ਹੋ ਗਈ ਅਤੇ ਦੋ ਹੋਰ ਔਰਤਾਂ ਸਮੇਤ ਚਾਰ ਜਣਿਆਂ ਦੇ ਸੱਟਾਂ ਲੱਗੀਆਂ ਸਨ। ਇਸ ਮਾਮਲੇ ਵਿੱਚ ਥਾਣਾ ਲੰਬੀ ਦੇ ਮੁੱਖ ਅਫਸਰ ਰਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਰਬੰਸ ਸਿੰਘ ਦੇ ਬਿਆਨਾਂ ਤੇ ਨਛੱਤਰ ਸਿੰਘ, ਹਰਗੋਬਿੰਦ ਸਿੰਘ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਅਰਜਨ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਗਲੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। Author: Malout Live