ਕੋਰੋਨਾ ਵਾਇਰਸ ਕਰਕੇ ਸਕੂਲ ਬੰਦ ਰਹਿਣ ਨਾਲ ਬੱਚਿਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਤੋਂ ਮਾਪੇ ਚਿੰਤਤ

ਮਲੋਟ:- ਪੰਜਾਬ ਦੇ ਸਾਰੇ ਸਕੂਲਾਂ ਅੰਦਰ ਅੱਜ-ਕੱਲ੍ਹ ਬੱਚਿਆਂ ਦੀਆਂ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਕਲਾਸ ਦੀਆਂ 50 ਪ੍ਰਤੀਸ਼ਤ ਸਿਲੇਬਸ ਦੀਆਂ ਪ੍ਰੀਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ ਜਦੋਂਕਿ ਦੂਸਰੇ 50 ਪ੍ਰਤੀਸ਼ਤ ਸਿਲੇਬਸ ਦੀਆਂ ਪ੍ਰੀਖਿਆਵਾਂ ਅਗਲੇ ਮਹੀਨੇ ਮਾਰਚ ਵਿਚ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਪਿਛਲੇ ਕਰੀਬ 2 ਸਾਲਾਂ ਤੋਂ ਕੋਰੋਨਾ ਦੀ ਮਹਾਂਮਾਰੀ ਕਾਰਨ ਜ਼ਿਆਦਾਤਰ ਸਮਾਂ ਸਕੂਲ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਸ ਸੰਬੰਧੀ ਸਰਕਾਰੀ 'ਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਚਿੰਤਾ ਜਤਾਈ ਹੈ ਬੱਚਿਆਂ ਨੂੰ ਪੜ੍ਹਾਈ ਕਰਨ ਦਾ ਪੂਰਾ ਸਮਾਂ ਨਹੀਂ ਮਿਲਿਆ, ਜਿਸ ਕਰਕੇ ਹੁਣ ਫਰਵਰੀ ਮਹੀਨੇ ਵਿਚ ਪਹਿਲੇ 50 ਪ੍ਰਤੀਸ਼ਤ ਸਿਲੇਬਸ ਦੇ ਪੇਪਰ ਕਰਨ ਵਿੱਚ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਧਰ ਦੂਸਰੇ ਪਾਸੇ ਅਗਲੇ ਮਾਰਚ ਮਹੀਨੇ ਵਿੱਚ ਬਾਕੀ ਬਚੇ 50 ਪ੍ਰਤੀਸ਼ਤ ਸਿਲੇਬਸ ਦੀਆਂ ਪੱਕੀਆਂ ਪ੍ਰੀਖਿਆਵਾਂ ਹੋਣੀਆਂ ਹਨ ਤੇ ਬੱਚਿਆਂ ਕੋਲ ਪੜ੍ਹਾਈ ਲਈ ਮਸਾਂ ਇਕ ਮਹੀਨੇ ਦਾ ਹੀ ਸਮਾਂ ਬਚਿਆ ਹੈ। ਬੱਚਿਆਂ ਦੇ ਮਾਪਿਆਂ ਨੇ ਦੁਖੀ ਮਨ ਨਾਲ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਕੋਰੋਨਾ ਵਾਇਰਸ ਤੋਂ ਬਚਾਅ ਦਾ ਕਹਿ ਕੇ ਸਕੂਲ ਬੰਦ ਕਰਵਾ ਦਿੰਦੀ ਹੈ, ਜਦੋਂਕਿ ਬੀਤੇ ਦਿਨੀਂ ਲੰਘੀਆਂ ਚੋਣਾਂ ਵਿਚ ਹਜ਼ਾਰਾਂ ਲੋਕਾਂ ਦਾ ਇਕੱਠ, ਲਗਪਗ ਸਾਰੇ ਬਾਜ਼ਾਰਾਂ, ਵਿਆਹ ਵਾਲੇ ਪੈਲੇਸਾਂ ਵਿੱਚ ਤਾਂ ਆਮ ਵਾਂਗ ਹੀ ਇਕੱਠ ਦੇਖਣ ਨੂੰ ਮਿਲਦੇ ਰਹੇ। ਕੁੱਝ ਸਕੂਲ ਅਧਿਆਪਕਾਂ ਦਾ ਕਹਿਣਾ ਹੈ ਕਿ ਬੱਚੇ ਘਰਾਂ ਵਿਚ ਆਨਲਾਈਨ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ, ਸਿਰਫ਼ ਮਾਪਿਆਂ ਨੂੰ ਦਿਖਾਵੇ ਲਈ ਇਕ ਕਾਰਗੁਜ਼ਾਰੀ ਹੀ ਪੂਰੀ ਕਰਦੇ ਹਨ। ਇਸ ਦੇ ਨਾਲ ਹੀ ਇੱਕ ਸਰਕਾਰੀ ਸੀਨੀ. ਸੈਕੰਡਰੀ ਸਕੂਲ ਦੇ ਪਿ੍ੰਸੀਪਲ ਨੇ ਦੱਸਿਆ ਕਿ ਸਕੂਲ ਭਾਵੇਂ 2 ਅਗਸਤ ਨੂੰ ਖੁੱਲ੍ਹੇ, ਪ੍ਰੰਤੂ ਉਸ ਟਾਈਮ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 50 ਪ੍ਰਤੀਸ਼ਤ ਰਹੀ, ਜਿਸ ਦੇ ਲਈ ਸਿੱਧੇ ਤੌਰ ਮਾਪੇ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਜੋ ਵੀ ਸਮਾਂ ਬਚਿਆ ਹੁਣ ਵੀ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਦੀ ਪੜ੍ਹਾਈ ਵਿੱਚ ਆਪ ਪੂਰਾ ਧਿਆਨ ਦੇਣ ਤਾਂ ਜੋ ਖ਼ਾਸਕਰ ਮਾਰਚ 2022 ਦੀਆਂ ਪੱਕੀਆਂ ਪ੍ਰੀਖਿਆਵਾਂ ਵਿੱਚ ਬੱਚੇ ਵਧੀਆ ਅੰਕ ਲੈ ਕੇ ਆਪਣੀ ਅਗਲੀ ਪੜ੍ਹਾਈ ਜਾਰੀ ਰੱਖ ਸਕਣ।