ਇਹ ਸੈਮੀਨਾਰ ਸਮਾਜ ਨੂੰ ਮਹਾਰਾਜਾ ਰਣਜੀਤ ਸਿੰਘ ਕਾਲਜ ਦੀ ਵੱਡੀ ਦੇਣ ਹੋਵੇਗਾ- ਡਾ. ਦਵਿੰਦਰ ਸ਼ਰਮਾ

ਮਲੋਟ:- ਇਲਾਕੇ ਦੀ ਨਾਮਵਰ ਸਹਿ ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਪੋਸਟ ਗ੍ਰੈਜੂਏਟ ਵਿਭਾਗ ਇਕਨਾਮਿਕਸ ਅਤੇ ਪੋਸਟ ਗ੍ਰੈਜੂਏਟ ਵਿਭਾਗ ਕਾਮਰਸ ਵੱਲੋਂ ਆਈ.ਸੀ.ਐੱਸ.ਐੱਸ.ਆਰ ਦੇ ਸਹਿਯੋਗ ਨਾਲ ਇੱਕ ਰੋਜ਼ਾ ਕੌਮੀ ਸੈਮੀਨਾਰ ਦਾ ਵੀਡੀਓ ਕਾਨਫਰੰਸਿੰਗ ਹਾਲ ਵਿੱਚ ਆਯੋਜਨ ਕਰਵਾਇਆ ਗਿਆ। ਮੰਚ ਸੰਚਾਲਨ ਕਰ ਰਹੇ ਪ੍ਰੋ. ਵੰਦਨਾ ਨੇ ਇਸ ਮੌਕੇ ਕਾਲਜ ਦੁਆਰਾ ਪਹਿਲਾਂ ਕਰਵਾਏ ਗਏ ਅਕਾਦਮਿਕ ਕਾਰਜਾਂ ਬਾਰੇ ਆਏ ਹੋਏ ਡੈਲੀਗੇਟਸ, ਖੋਜਾਰਥੀਆਂ ਨੂੰ ਜਾਣਕਾਰੀ ਦਿੱਤੀ‌। ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਪ੍ਰੋ. ਹਿਰਦੇਪਾਲ ਸਿੰਘ ਨੇ ਕਾਲਜ ਵੱਲੋਂ ਪਹਿਲਾਂ ਕਰਵਾਏ ਗਏ ਵੈਬੀਨਾਰ ਲੜੀ ਬਾਰੇ ਚਰਚਾ ਕਰਦਿਆਂ ਸੈਮੀਨਾਰ ਦੇ ਮੁੱਖ ਬੁਲਾਰਿਆਂ ਡਾ. ਦਵਿੰਦਰ ਸ਼ਰਮਾ, ਡਾ. ਸੁਖਪਾਲ ਸਿੰਘ, ਡਾ. ਆਰ.ਕੇ.ਉੱਪਲ ਦੀ ਸ਼ਖ਼ਸੀਅਤ ਬਾਰੇ ਜਾਣਕਾਰੀ ਦਿੱਤੀ। ਆਏ ਹੋਏ ਬੁਲਾਰਿਆਂ ਦਾ ਸੁਆਗਤ ਕਰਦਿਆਂ ਸੈਮੀਨਾਰ ਦੇ ਡਾਇਰੈਕਟਰ ਅਤੇ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਹੈ। ਇਸੇ ਲਈ ਅਸੀਂ ਸਮੇਂ-ਸਮੇਂ 'ਤੇ ਵਿਸ਼ਵ ਪ੍ਰਸਿੱਧ ਬੁਲਾਰਿਆਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਦੇ ਹਾਂ ਅਤੇ ਅੱਜ ਸਾਡੇ ਲਈ ਮਾਣ ਦੀ ਗੱਲ ਹੈ ਕਿ ਡਾ. ਦਵਿੰਦਰ ਸ਼ਰਮਾ, ਡਾ. ਸੁਖਪਾਲ ਸਿੰਘ, ਡਾ. ਆਰ ਕੇ ਉੱਪਰ ਵਰਗੇ ਬੁਲਾਰੇ ਸਾਡੇ ਨਾਲ ਜੁੜੇ ਹੋਏ ਹਨ। ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਉੱਘੇ ਖੇਤੀਬਾੜੀ ਅਰਥਸ਼ਾਸਤਰੀ ਡਾ. ਦਵਿੰਦਰ ਸ਼ਰਮਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਕਾਲਜ ਇਹਨਾਂ ਸਮਿਆਂ ਵਿੱਚ ਸਾਰਥਕ ਕਾਰਜ ਕਰ ਰਿਹਾ ਹੈ, ਇਸ ਸਮੇਂ ਲੋੜ ਹੈ ਅਜਿਹੇ ਵਿਸ਼ਿਆਂ 'ਤੇ ਗੱਲਬਾਤ ਦੀ ਤੇ ਇਹ ਕਾਲਜ ਪਹਿਲਾਂ ਵੀ ਤਤਕਾਲੀਨ ਮੁੱਦਿਆਂ 'ਤੇ ਚਰਚਾ ਛੇੜਦਾ ਰਿਹਾ ਹੈ, ਜਿਸ ਲਈ ਇਹ ਸੰਸਥਾ ਮੁਬਾਰਕ ਦੀ ਹੱਕਦਾਰ ਹੈ। ਡਾ. ਦਵਿੰਦਰ ਸ਼ਰਮਾ ਨੇ ਕਿਹਾ ਜਦੋਂ ਤੱਕ ਅਸੀਂ ਟਿਕਾਊ ਖੇਤੀ ਦੇ ਢੰਗਾਂ ਨੂੰ ਨਹੀਂ ਅਪਣਾਵਾਂਗੇ ਅਤੇ ਖੇਤੀ ਦੀ ਸਮੀਖਿਆ ਨਹੀਂ ਕਰਾਂਗੇ, ਓਦੋਂ ਤੱਕ ਅਸੀਂ ਖੇਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਲਾਭਦਾਇਕ ਨਹੀਂ ਬਣਾ ਪਾਵਾਂਗੇ। ਉਹਨਾਂ ਕਿਹਾ ਕਿ ਹੁਣ ਸਾਡੇ ਵਿਦਿਆਰਥੀਆਂ 'ਤੇ ਬਾਹਰ ਜਾਣ ਵੇਲੇ ਬਹੁਤ ਦਬਾਅ ਹੈ ਇਹ ਦਬਾਅ ਤਾਂ ਹੀ ਘੱਟ ਹੋਵੇਗਾ ਜੇਕਰ ਖੇਤੀਬਾੜੀ ਸੈਕਟਰ ਨੂੰ ਅਸੀਂ ਆਰਥਿਕ ਪੱਖ ਤੋਂ ਟਿਕਾਊ ਅਤੇ ਮਜ਼ਬੂਤ ਕਰਾਂਗੇ। ਉਹਨਾਂ ਕਿਹਾ ਕਿ ਵਕਤ ਦੇ ਬਦਲਣ ਨਾਲ ਸਾਡੇ ਸਮਾਜ ਦੀ ਸੋਚ ਬਦਲ ਗਈ ਹੈ ਤੇ ਹੁਣ ਸਾਨੂੰ ਖੇਤੀ ਸੰਬੰਧੀ ਵੀ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ।                                                              

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਸੁਖਪਾਲ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਕੱਢਣ ਦੇ ਲਈ ਹੋਰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀਆਂ ਨੀਤੀਆਂ ਨੂੰ ਵਧੀਆ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਉਪਜਾਊ ਧਰਤੀ ਹੈ ਪਰ ਦੁਖਾਂਤ ਹੈ ਕਿ ਪੰਜਾਬ ਦੇ ਕਿਸਾਨਾਂ ਅਤੇ ਪੰਜਾਬੀਆਂ ਦੇ ਸਿਰ ਬਹੁਤ ਕਰਜ਼ਾ ਹੈ। ਪੰਜਾਬੀ ਜਨ-ਜੀਵਨ ਬਾਰੇ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਤਕਰੀਬਨ 10 ਲੱਖ ਪਰਿਵਾਰ ਖੇਤੀ ਨਾਲ ਸੰਬੰਧਿਤ ਸਨ, ਤੇ ਤਕਰੀਬਨ 35 ਲੱਖ ਇਨਸਾਨ ਇਹਨਾਂ ਨਾਲ ਕਾਰਜਸ਼ੀਲ ਸਨ, ਪਰ ਪਰਿਵਾਰਾਂ ਵਿੱਚ ਵੰਡੀਆਂ ਹੋਣ ਕਾਰਨ ਖੇਤੀਯੋਗ ਜੋਤਾਂ ਛੋਟੀਆਂ ਹੋ ਰਹੀਆਂ ਹਨ, ਵਾਹੀਯੋਗ ਜ਼ਮੀਨ ਘਟਣ ਕਰਕੇ ਖੁਦਕੁਸ਼ੀ ਦੀ ਪ੍ਰਤੀਸ਼ਤ ਵੱਧ ਰਹੀ ਹੈ। ਡਾ. ਆਰ ਕੇ ਉੱਪਲ ਨੇ ਇਸ ਮੌਕੇ ਕਿਹਾ ਕਿ ਕਿਸਾਨਾਂ ਨੂੰ ਬੈਂਕਾਂ ਵੱਲੋਂ ਘੱਟ ਵਿਆਜ ਦਰਾਂ ਤੇ ਕਰਜ਼ਾ ਮੁਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਜੋ ਕਿਸਾਨ ਨਿੱਜੀ ਲੋਕਾਂ ਦੇ ਸ਼ੋਸ਼ਣ ਤੋਂ ਬਚ ਸਕਣ। ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਡਾ. ਰਾਜਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਨੂੰ ਅੱਜ ਅਤਿਅੰਤ ਖੁਸ਼ੀ ਹੈ ਕਿ ਅੱਜ ਜਿੰਨ੍ਹਾਂ ਸ਼ਖ਼ਸੀਅਤਾਂ ਨੂੰ ਅਸੀਂ ਪਾਲਿਸੀ ਮੇਕਰ ਆਖਦੇ ਹਾਂ ਉਹ ਸ਼ਖ਼ਸੀਅਤਾਂ ਸਾਡੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਈਆਂ ਹਨ ਤੇ ਇਹਨਾਂ ਨੇ ਵਿਦਿਆਰਥੀਆਂ ਦੇ ਪੱਧਰ 'ਤੇ ਆ ਕੇ ਉਹਨਾਂ ਨੂੰ ਉਹ ਗੱਲਾਂ ਸਮਝਾਈਆਂ ਹਨ ਜਿਹੜੀਆਂ ਸਾਰੀ ਉਮਰ ਉਹਨਾਂ ਦੇ ਕੰਮ ਆਉਣਗੀਆਂ। ਇਸ ਮੌਕੇ ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਖਜ਼ਾਨਚੀ ਦਲਜਿੰਦਰ ਸਿੰਘ ਸੰਧੂ ਅਤੇ ਸੁਖਪਾਲ ਸਿੰਘ ਢਿੱਲੋਂ ਸਮੇਤ ਦਰਜਨਾਂ ਡੈਲੀਗੇਟ, ਵੱਖ-ਵੱਖ ਯੂਨੀਵਰਸਿਟੀਆਂ ਖੋਜਾਰਥੀ, ਅਤੇ ਵਿਦਿਆਰਥੀ ਹਾਜ਼ਿਰ ਸਨ। Author : Malout Live