ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਅਧਿਆਪਕ ਅਤੇ ਵਿਦਿਆਰਥੀ ਨੌ ਦਿਨ ਦੇ ਅੰਤਰਰਾਸ਼ਟਰੀ ਟੂਰ ਤੋਂ ਕਾਲਜ ਪਰਤੇ
ਮਲੋਟ:- ਇਲਾਕੇ ਦੀ ਨਾਮਵਾਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਮਾਲਵਾ ਖਿੱਤੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਪਣੀਆਂ ਅਲੱਗ-ਅਲੱਗ ਸਮਾਜ ਭਲਾਈ ਅਤੇ ਗਿਆਨ ਵਰਧਕ ਗਤੀਵਿਧੀਆਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਪਿਛਲੇ ਦਿਨੀਂ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਸੰਕਟ ਅਤੇ ਪਾਣੀ ਦੇ ਪ੍ਰਦੂਸ਼ਣ ਦੇ ਰੋਕਥਾਮ ਲਈ ਪੰਜਾਬ ਦਰਸ਼ਨ ਪ੍ਰੋਗਰਾਮ ਅਧੀਨ ਪਾਣੀ ਦੀ ਮਹੱਤਤਾ ਅਤੇ ਸੰਭਾਲ ਸੰਬੰਧੀ ਵਿਦਿਅਕ ਅਤੇ ਜਾਗਰੂਕਤਾ ਟੂਰ ਆਰੰਭੇ ਗਏ ਸਨ । ਇਹਨਾਂ ਵਿੱਦਿਅਕ ਅਤੇ ਜਾਗਰੂਕਤਾ ਟੂਰ ਨੂੰ ਸਫ਼ਲ ਬਣਾਉਣ ਵਿੱਚ ਲਗਭਗ 220 ਵਿਦਿਆਰਥੀਆਂ ਨੇ ਪੰਜਾਬ ਦੀਆਂ ਮਹੱਤਵਪੂਰਨ ਥਾਵਾਂ ਤੇ ਭ੍ਰਮਣ ਕਰਕੇ ਜਾਗਰੂਕਤਾ ਦੇਣ ਉਪਰੰਤ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਸਾਰਥਕ ਕੋਸ਼ਿਸ਼ ਕੀਤੀ, ਜਿਸਦੇ ਤਹਿਤ ਕਾਲਜ ਦੀ ਸਮੁੱਚੀ ਮੈਨੇਂਜਮੈਂਟ ਅਤੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਦੇ ਉੱਦਮ ਸਦਕੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਨੌ ਰੋਜ਼ਾ ਅੰਤਰਰਾਸ਼ਟਰੀ ਟੂਰ ਦਾ ਪ੍ਰੋਗਰਾਮ ਉਲੀਕਿਆ ਗਿਆ। ਜਿਸ ਤਹਿਤ ਕਾਲਜ ਦੇ ਵਿਦਿਆਰਥੀ ਕਾਠਮੰਡੂ ਨੇਪਾਲ ਦੇ ਅੰਤਰਰਾਸ਼ਟਰੀ ਟੂਰ ਤੋਂ 9 ਦਿਨਾਂ ਬਾਅਦ ਵਾਪਿਸ ਪਰਤੇ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਕਾਲਜ ਦੇ ਤਕਰੀਬਨ 40 ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਨੇਪਾਲ ਟੂਰ ਤੋਂ 9 ਦਿਨਾਂ ਬਾਅਦ ਪਰਤੇ ਹਨ, ਇਹਨਾਂ 9 ਦਿਨਾਂ ਵਿੱਚ ਵਿਦਿਆਰਥੀਆਂ ਨੇ ਵ੍ਰਿੰਦਾਵਨ, ਅਯੋਧਿਆ, ਆਗਰਾ, ਲਖਨਊ, ਤੋਂ ਹੁੰਦਿਆਂ ਨੇਪਾਲ ਬਾਰਡਰ ਕਰਾਸ ਕਰਕੇ ਕਾਠਮੰਡੂ, ਪੋਖਰਾ ਆਦਿ ਸ਼ਹਿਰਾਂ ਦਾ ਦੌਰਾ ਕੀਤਾ। ਇਹ ਨੌ ਰੋਜ਼ਾ ਅੰਤਰਰਾਸ਼ਟਰੀ ਵਿੱਦਿਅਕ ਟੂਰ ਭਾਰਤ ਦੀਆਂ ਅਲੱਗ ਅਲੱਗ ਇਤਿਹਾਸਿਕ ਅਤੇ ਸਮਾਜਿਕ ਮਹੱਤਵ ਦੀਆਂ ਥਾਵਾਂ ਦੇ ਭ੍ਰਮਨ ਉਪਰੰਤ ਨੇਪਾਲ ਦੀਆਂ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਥਾਵਾਂ ਉੱਪਰ ਜਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਪੱਖੀ ਜਾਣਕਾਰੀ ਹਾਸਿਲ ਕੀਤੀ।
ਵਿਦਿਆਰਥੀਆਂ ਨੇ ਜਿੱਥੇ ਗੋਵਿੰਦ ਦੇਵ ਮੰਦਿਰ, ਬਾਂਕੇ ਬਿਹਾਰੀ ਮੰਦਿਰ, ਇਸਕੋਨ ਮੰਦਿਰ, ਨਿਰਮਾਣ ਅਧੀਨ ਰਾਮ ਮੰਦਿਰ ਵੇਖਿਆ ਉੱਥੇ ਨਾਲ ਹੀ ਇਹਨਾਂ ਖੇਤਰਾਂ ਦੇ ਲੋਕਾਂ ਨਾਲ ਵੀ ਸੰਵਾਦ ਰਚਾਇਆ ਅਤੇ ਇਲਾਕੇ ਦੀ ਜਾਣਕਾਰੀ ਹਾਸਿਲ ਕੀਤੀ। ਇਸ ਉਪਰੰਤ ਵਿਦਿਆਰਥੀ ਨੇਪਾਲ ਬਾਰਡਰ ਰਾਹੀਂ ਕਾਠਮੰਡੂ ਪਹੁੰਚੇ ਜਿੱਥੇ ਉਹਨਾਂ ਨੇ ਪਸ਼ੂਪਤੀ ਨਾਥ ਮੰਦਿਰ ਅਤੇ ਕੇਂਦਰੀ ਚਿੜੀਆਘਰ ਵੇਖਿਆ ਫਿਰ ਨੇਪਾਲ ਦੇ ਸ਼ਹਿਰ ਪੋਖਰਾ ਵੱਲ ਕੂਚ ਕੀਤਾ ਤੇ ਉੱਥੇ ਦੇ ਵਾਤਾਵਰਨ ਦੇ ਨਾਲ ਨਾਲ ਸਮਾਜਿਕ, ਸੱਭਿਆਚਾਰਕ ਜੀਵਨ ਨੂੰ ਸਮਝਿਆ। ਵਾਪਸੀ ਵੇਲੇ ਵਿਦਿਆਰਥੀ ਲਖਨਊ ਸ਼ਹਿਰ ਪਹੁੰਚੇ ਜਿੱਥੇ ਉਹਨਾਂ ਨੇ ਬਾਬਾ ਅੰਬੇਡਕਰ ਅਤੇ ਗੋਮਤੀ ਰਿਵਰ ਫਰੰਟ ਵੇਖਿਆ। ਫਿਰ ਆਗਰਾ ਪਹੁੰਚ ਕੇ ਗੁਰਦੁਆਰਾ ਦੁਖ ਨਿਵਾਰਨ ਗੁਰੂ ਕਾ ਟਾਲ ਸਾਹਿਬ ਵਿਖੇ ਸੱਚੇ ਪਾਤਸ਼ਾਹ ਨੂੰ ਸਿਰ ਝੁਕਾਉਂਦਿਆਂ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ, ਅਤੇ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਸ਼ੁਮਾਰ ਤਾਜ ਮਹੱਲ ਨੂੰ ਵੇਖਿਆ ਤੇ ਉਸ ਸੰਬੰਧੀ ਜਾਣਕਾਰੀ ਹਾਸਿਲ ਕਰਕੇ ਕਾਲਜ ਵਾਪਸੀ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਨੇ ਉਹਨਾਂ ਲਈ ਅਜਿਹਾ ਟੂਰ ਪਲੈਨ ਕੀਤਾ ਜਿਸ ਸਦਕਾ ਉਹਨਾਂ ਨੇ ਬਹੁਤ ਕੁੱਝ ਜਾਣਿਆ ਅਤੇ ਸਿੱਖਿਆ ਜਿਸ ਲਈ ਉਹ ਕਾਲਜ ਪ੍ਰਿੰਸੀਪਲ, ਅਧਿਆਪਕਾਂ ਅਤੇ ਮੈਨੇਜਮੈਂਟ ਦੇ ਸ਼ੁਕਰਗੁਜ਼ਾਰ ਹਨ। ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ ਖਜਾਨਚੀ, ਦਲਜਿੰਦਰ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਕਾਲਜ ਪ੍ਰਿੰਸੀਪਲ ਡਾ ਰਜਿੰਦਰ ਸਿੰਘ ਸੇਖੋਂ ਨੂੰ ਮੁਬਾਰਕਬਾਦ ਦਿੱਤੀ ਜਿੰਨ੍ਹਾਂ ਨੇ ਵਿਦਿਆਰਥੀਆਂ ਲਈ ਅਜਿਹੇ ਸਾਰਥਕ ਕਾਰਜ ਨੂੰ ਸਫ਼ਲਤਾ ਪੂਰਵਕ ਉਲੀਕਿਆ ਅਤੇ ਨੇਪਰੇ ਚਾੜ੍ਹਿਆ। Author : Malout Live