ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਹੋਈ ਇਨਟੈਂਸੀਫਾਇਡ ਮਿਸ਼ਨ ਇੰਦਰਧਨੁਸ਼ ਸੰਬੰਧੀ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਦੀ ਕੀਤੀ ਗਈ ਮੀਟਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਵੱਲੋਂ ਰੂਟੀਨ ਟੀਕਾਕਰਨ ਦੌਰਾਨ ਕਿਸੇ ਕਾਰਨ ਵਾਂਝੇ ਰਹਿ ਗਏ ਬੱਚਿਆਂ ਦਾ ਟੀਕਾਕਰਨ ਮੁਕੰਮਲ ਕਰਨ ਲਈ ਤੀਬਰ ਮਿਸ਼ਨ ਇੰਦਰਧਨੁਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਸੰਬੰਧ ਵਿੱਚ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਇਨਟੈਂਸੀਫਾਇਡ ਮਿਸ਼ਨ ਇੰਦਰਧਨੁਸ਼ ਸੰਬੰਧੀ ਮਲਟੀਪਰਪਜ਼ ਹੈੱਲਥ ਸੁਪਰਵਾਇਜ਼ਰ ਦੀ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸਰਬਜੀਤ ਸਿੰਘ ਜਿਲ੍ਹਾ ਕੋਲਡ ਚੈਨ ਅਫਸਰ, ਖੁਸ਼ਦੀਪ ਸਿੰਘ ਜਿਲ੍ਹਾ ਵੈਕਸੀਨ ਮੋਨੋਟਰਿੰਗ ਅਫਸਰ, ਰਵਿੰਦਰ ਗਰੋਵਰ ਅਤੇ ਜਿਲ੍ਹੇ ਦੇ ਸਾਰੇ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਫੀਮੇਲ ਸ਼ਾਮਿਲ ਹੋਏ। ਮੀਟਿੰਗ ਦੋਰਾਨ ਡਾ. ਰੀਟਾ ਬਾਲਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਮਿਸ਼ਨ ਦਾ ਮਕਸਦ 5 ਸਾਲ ਤੋਂ ਛੋਟੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ ਨਿਯਮਿਤ ਟੀਕਾਕਰਨ ਵਿੱਚ ਪਏ ਪਾੜੇ ਨੂੰ ਭਰ ਕੇ ਮੁਕੰਮਲ ਟੀਕਾਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜਿਲ੍ਹੇ ਅੰਦਰ ਤਿੰਨ ਗੇੜਾਂ ਵਿੱਚ ਇੱਕ-ਇੱਕ ਹਫ਼ਤਾ ਚੱਲੇਗੀ ਅਤੇ
ਇਸ ਮਿਸ਼ਨ ਅਧੀਨ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ 100 ਪ੍ਰਤੀਸ਼ਤ ਟੀਕਾਕਰਣ ਨੂੰ ਯਕੀਨੀ ਬਨਾਇਆ ਜਾਵੇਗਾ ਤਾਂ ਜੋ ਗਰਭਵਤੀਆਂ ਅਤੇ ਨਵ-ਜਨਮੇਂ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਉਹਨਾਂ ਦੱਸਿਆ ਕਿ ਇਹ ਮੁਹਿੰਮ ਤਿੰਨ ਗੇੜਾਂ ਵਿੱਚ ਪਹਿਲਾ ਗੇੜ 11 ਸਤੰਬਰ ਤੋਂ 16 ਸਤੰਬਰ 2023 ਤੱਕ, ਦੂਜਾ ਗੇੜ 9 ਅਕਤੂਬਰ ਤੋਂ 14 ਅਕਤੂਬਰ 2023 ਤੱਕ ਅਤੇ ਤੀਜਾ ਗੇੜ 20 ਨਵੰਬਰ ਤੋਂ 25 ਨਵੰਬਰ 2023 ਤੱਕ ਚਲਾਇਆ ਜਾਵੇਗਾ। ਇਸ ਮੌਕੇ ਡਾ ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਗਰਭਵਤੀ ਮਾਵਾਂ ਅਤੇ ਪੰਜ ਸਾਲ ਤੱਕ ਦੇ ਜਿਹੜੇ ਬੱਚੇ ਕਿਸੇ ਕਾਰਨ ਟੀਕਾਕਰਣ ਤੋਂ ਵਾਂਝੇ ਰਹਿ ਗਏ ਜਾਂ ਫਿਰ ਅਧੂਰਾ ਟੀਕਾਕਰਣ ਹੋਇਆ ਹੈ, ਉਹਨਾਂ ਦਾ ਵਿਸ਼ੇਸ਼ ਕੈਂਪਾਂ ਰਾਹੀਂ ਟੀਕਾਕਰਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਟੀਕਾਕਰਣ ਤੋਂ ਛੁੱਟ ਗਏ ਏਰੀਏ, ਹਾਈ ਰਿਸਕ ਏਰੀਏ, ਸਲੱਮ ਏਰੀਏ, ਮਾਈਗ੍ਰੇਟਰੀ ਆਬਾਦੀ, ਝੁੱਗੀਆਂ ਝੌਂਪੜੀਆਂ, ਭੱਠੇ, ਖਾਲੀ ਸਬ ਸੈਂਟਰਾਂ ਜਿਥੇ 2 ਜਾਂ 3 ਨਿਯਮਿਤ ਟੀਕਾਕਰਣ ਸ਼ੈਸ਼ਨ ਨਾ ਹੋਏ ਹੋਣ, ਪਹੁੰਚ ਤੋਂ ਦੂਰ ਆਬਾਦੀ, ਆਉੂਟਬ੍ਰੇਕ ਵਾਲੀ ਆਬਾਦੀ ਅਤੇ ਹੋਰ ਮੁਸ਼ਕਿਲ ਏਰੀਏ ਕਵਰ ਕੀਤੇ ਜਾਣਗੇ। Author: Malout Live