ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੜਕ ਹਾਦਸਿਆਂ ਦੇ ਪੀੜਤਾਂ ਦਾ 48 ਘੰਟਿਆਂ ਦੌਰਾਨ ਕੀਤਾ ਜਾਵੇਗਾ ਮੁਫ਼ਤ ਇਲਾਜ

ਮਲੋਟ (ਪੰਜਾਬ): ਪੰਜਾਬ ਸਰਕਾਰ ਨੇ ‘ਫਰਿਸ਼ਤੇ ਸਕੀਮ’ ਦੇ ਹਿੱਸੇ ਵਜੋਂ ਹਾਦਸੇ ਦੇ ਪਹਿਲੇ 48 ਘੰਟਿਆਂ ਦੌਰਾਨ ਸਾਰੇ ਸੜਕ ਹਾਦਸਾ ਪੀੜ੍ਹਤਾਂ ਦਾ ਮੁਫਤ ਇਲਾਜ ਕਰਨ ਦਾ ਫੈਸਲਾ ਕੀਤਾ ਹੈ। 'ਗੋਲਡਨ ਆਵਰ’ ਸੜਕ ਦੁਰਘਟਨਾ ਤੋਂ ਬਾਅਦ ਪਹਿਲਾ ਮਹੱਤਵਪੂਰਨ ਘੰਟਾ ਹੁੰਦਾ ਹੈ, ਜਿਸ ਦੌਰਾਨ ਜੇਕਰ ਕਿਸੇ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀ ਨੂੰ ਲੋੜੀਂਦੀ ਦੇਖਭਾਲ ਦਿੱਤੀ ਜਾਵੇ ਤਾਂ ਉਸ ਦੇ ਬਚਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਇਹ ਜਾਣਾਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, ਭਾਵੇਂ ਵਿਅਕਤੀ ਕਿਥੋਂ ਦਾ ਵੀ ਰਹਿਣ ਵਾਲਾ ਹੋਵੇ, ਪੰਜਾਬ ਸਰਕਾਰ ਵੱਲੋਂ ਸੜਕ ਦੁਰਘਟਨਾ ਦੇ ਸਾਰੇ ਪੀੜ੍ਹਤਾਂ ਨਾਲ ਇੱਕੋ ਸਮਾਨ ਸਲੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਾਦਸੇ ਦੇ ਪਹਿਲੇ 48 ਘੰਟਿਆਂ ਦੌਰਾਨ ਨਿੱਜੀ ਹਸਪਤਾਲਾਂ ਸਮੇਤ ਨਜਦੀਕੀ ਹਸਪਤਾਲਾਂ ਵਿੱਚ ਮੁਫਤ ਇਲਾਜ ਨੂੰ ਯਕੀਨੀ ਬਣਾਇਆ ਜਾਵੇਗਾ।

ਉਹਨਾਂ ਦੱਸਿਆ ਕਿ ਪਹਿਲੇ 48 ਘੰਟਿਆਂ ਵਿੱਚ ਕਰਵਾਏ ਇਲਾਜ ਦਾ ਸਾਰਾ ਖਰਚਾ ਸਰਕਾਰ ਦੁਆਰਾ ਦਿੱਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਸੜਕ ਹਾਦਸੇ ਪੀੜ੍ਹਤ ਨੂੰ ਇਲਾਜ ਲਈ ਹਸਪਤਾਲ ਲਿਜਾਣ ਵਾਲੇ ਵਿਅਕਤੀ ਨੂੰ ਸਨਮਾਨ ਪੱਤਰ ਅਤੇ 2000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਲੈ ਕੇ ਆਉਣ ਵਾਲੇ ਵਿਅਕਤੀ ਤੋਂ ਹਸਪਤਾਲ ਅਧਿਕਾਰੀ ਜਾਂ ਪੁਲਿਸ ਵੱਲੋਂ, ਉਦੋਂ ਤੱਕ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਹ ਖੁਦ ਆਪਣੀ ਮਰਜ਼ੀ ਨਾਲ ਚਸ਼ਮਦੀਦ ਗਵਾਹ ਨਹੀਂ ਬਣਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਸਿਸਟਮ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਸਮੇਤ ਸਾਰੀਆਂ ਐਂਬੂਲੈਂਸਾਂ ਨੂੰ ਓਲਾ/ਊਬਰ ਵਾਂਗ ਆਪਸ ਵਿੱਚ ਜੋੜਿਆ ਜਾਵੇਗਾ ਤਾਂ ਜੋ ਐਮਰਜੈਂਸੀ ਸਮੇਂ ਲੋਕ 15 ਮਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿੱਚ ਐਂਬੂਲੈਂਸ ਦੀਆਂ ਸੇਵਾਵਾਂ ਲੈ ਸਕਣ। Author: Malout Live